ਸਤਲੁਜ ਦਾ ਰੁਖ਼ ਮੋੜਨ ਵਾਲੇ ਹਰ ਵਿਅਕਤੀ ਨੂੰ ਸਲਾਮ: ਦਿਆਲਪੁਰਾ
ਪਿੰਡ ਫੱਸਿਆਂ ਨੇੜੇ ਸਤਲੁਜ ਦਰਿਆ ਕਿਨਾਰੇ ਧੁੱਸੀ ਬੰਨ੍ਹ ਦੇ ਨਾਜ਼ੁਕ ਇਲਾਕੇ ਦੀ ਮੁਰੰਮਤ ਲਈ ਕਰੀਬ 15 ਪਿੰਡਾਂ ਦੇ ਲੋਕ ਮਾਛੀਵਾੜਾ ਖਾਮ ਤੋਂ ਮਿੱਟੀ ਦੀ ਬੋਰੀਆਂ ਦੀਆਂ ਟਰਾਲੀਆਂ ਭਰ ਕੇ ਭੇਜ ਰਹੇ ਹਨ ਅਤੇ ਅੱਜ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਵਿਸ਼ੇਸ਼ ਤੌਰ ’ਤੇ ਉਨ੍ਹਾਂ ਸੈਂਕੜੇ ਮਜ਼ਦੂਰਾਂ ਦੀ ਹੌਂਸਲਾ ਅਫ਼ਜਾਈ ਲਈ ਪੁੱਜੇ। ਵਿਧਾਇਕ ਦਿਆਲਪੁਰਾ ਵੀ ਪਿਛਲੇ ਕਈ ਦਿਨਾਂ ਤੋਂ ਆਪਣੀ ਪੂਰੀ ਟੀਮ ਸਮੇਤ ਬੋਰੀਆਂ ਭਰਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਔਖੀ ਘੜੀ ਵਿਚ ਹੜ੍ਹਾਂ ਦੌਰਾਨ ਸਤਲੁਜ ਦਰਿਆ ਦਾ ਰੁਖ਼ ਮੋੜਨ ਵਾਲੇ ਉਨ੍ਹਾਂ ਹਜ਼ਾਰਾਂ ਨੌਜਵਾਨਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਦਿਲੋਂ ਸਲਾਮ ਕਰਦੇ ਹਨ ਜਿਨ੍ਹਾਂ ਨੇ ਸਾਡੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਤਬਾਹੀ ਤੋਂ ਬਚਾਅ ਲਿਆ। ਦਿਆਲਪੁਰਾ ਨੇ ਕਿਹਾ ਕਿ ਜਿੱਥੇ ਪਿਛਲੇ ਕਈ ਦਿਨਾਂ ਤੋਂ ਮਾਛੀਵਾੜਾ ਖਾਮ ਵਿਖੇ 15 ਪਿੰਡਾਂ ਦੇ ਮਜ਼ਦੂਰ ਬੋਰੀਆਂ ਭਰ ਦਰਿਆ ਵੱਲ ਭੇਜ ਰਹੇ ਹਨ ਉੱਥੇ ਧੁੱਸੀ ਬੰਨ੍ਹ ’ਤੇ ਹਜ਼ਾਰਾਂ ਨੌਜਵਾਨ ਦਿਨ-ਰਾਤ ਪਾਣੀ ਦੇ ਵਹਾਅ ਨੂੰ ਰੋਕ ਕੇ ਬੈਠੇ ਹਨ ਤਾਂ ਜੋ ਸਾਡਾ ਇਲਾਕਾ ਹੜ੍ਹਾਂ ਦੀ ਮਾਰ ਤੋਂ ਬਚ ਸਕੇ। ਉਨ੍ਹਾਂ ਕਿਹਾ ਕਿ ਅੱਜ ਚਮਕੌਰ ਸਾਹਿਬ ਤੇ ਮਾਛੀਵਾੜਾ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਏਕਤਾ ਦਾ ਸਬੂਤ ਦਿੰਦਿਆਂ ਧੁੱਸੀ ਬੰਨ੍ਹ ਵਿਚ ਪਾੜ੍ਹ ਪੈਣ ਤੋਂ ਰੋਕਣ ਲਈ ਪੂਰੀ ਵਾਹ ਲਗਾ ਦਿੱਤੀ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਬਲਾਕ ਮਾਛੀਵਾੜਾ ਦੇ ਪਿੰਡ ਖਾਨਪੁਰ ਮੰਡ, ਮਾਛੀਵਾੜਾ ਖਾਮ, ਭੌਰਲਾ ਬੇਟ, ਛੌੜੀਆਂ, ਸਿਕੰਦਰਪੁਰ, ਬੈਰਸਾਲ ਕਲਾਂ, ਸ਼ੇਰਪੁਰ ਬਸਤੀ, ਫਤਹਿਗੜ੍ਹ ਬੇਟ, ਹੇਡੋਂ ਬੇਟ, ਕਮਾਲਪੁਰ, ਕੋਟਾਲਾ ਬੇਟ, ਸ਼ੇਰਗੜ੍ਹ, ਰਾਏਪੁਰ ਅਤੇ ਨੂਰਪੁਰ ਦੇ ਸੈਂਕੜੇ ਮਜ਼ਦੂਰਾਂ ਨੇ ਤਨਦੇਹੀ ਨਾਲ ਕੰਮ ਕਰਦਿਆਂ ਇੱਥੋਂ ਲੱਖਾਂ ਬੋਰੀਆਂ ਭਰ ਕੇ ਮਿੱਟੀ ਦੀਆਂ ਭੇਜੀਆਂ। ਅੱਜ ਇਨ੍ਹਾਂ ਮਜ਼ਦੂਰਾਂ ਨੂੰ ਵਿਧਾਇਕ ਦਿਆਲਪੁਰਾ ਨੇ ਸਨਮਾਨ ਵਜੋਂ ਔਰਤਾਂ ਨੂੰ ਸੂਟ ਅਤੇ ਪੁਰਸ਼ਾਂ ਨੂੰ ਦੋਸ਼ਾਲੇ ਭੇਟ ਕਰਦਿਆਂ ਕਿਹਾ ਕਿ ਇੱਕ ਮਾਣ ਵਜੋਂ ਉਨ੍ਹਾਂ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਇਨ੍ਹਾਂ 15 ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਤੋਂ ਇਲਾਵਾ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਮੋਹਿਤ ਕੁੰਦਰਾ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਟਰੱਕ ਯੂਨੀਅਨ ਦੇ ਪ੍ਰਧਾਨ ਬਲਪ੍ਰੀਤ ਸਿੰਘ ਸ਼ਾਮਗੜ੍ਹ, ਕੌਂਸਲਰ ਜਗਮੀਤ ਮੱਕੜ, ਨੀਰਜ ਕੁਮਾਰ, ਗੁਰਨਾਮ ਸਿੰਘ ਖਾਲਸਾ, ਜਸਵੀਰ ਸਿੰਘ ਗਿੱਲ, ਪ੍ਰਵੀਨ ਮੱਕੜ, ਨਵਜੀਤ ਸਿੰਘ ਉਟਾਲਾਂ ਤੋਂ ਇਲਾਵਾ ਪਿੰਡਾਂ ਦੇ ਪੰਚ, ਸਰਪੰਚ ਮੌਜੂਦ ਸਨ।