ਸਾਹਿਤ ਅਕਾਡਮੀ ਵੱਲੋਂ ਮੁਫ਼ਤ ਕਿਤਾਬਾਂ ਦੀ ਸੇਵਾ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੁਲਾਈ
ਪੰਜਾਬੀ ਸਾਹਿਤ ਅਕਾਡਮੀ ਵੱਲੋਂ ਲੋਕਾਂ ਵਿੱਚ ਸਾਹਿਤਕ ਜਾਗਰੂਕਤਾ ਵਧਾਉਣ ਅਤੇ ਪੰਜਾਬੀ ਪਾਠਕਾਂ ਲਈ ਮੁਫ਼ਤ ਕਿਤਾਬਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਅਕਾਡਮੀ ਵੱਲੋਂ ਚੋਣਵੀਆਂ ਪੰਜਾਬੀ ਕਿਤਾਬਾਂ ਪਾਠਕਾਂ ਨੂੰ ਪੜ੍ਹਨ ਲਈ ਮੁਫ਼ਤ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਸਮੇਂ ਪਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜਾਬੀਆਂ ਨੂੰ ਕਿਤਾਬਾਂ ਨਾਲ ਜੋੜਨ ਹਿੱਤ ਇਹ ਕੰਮ ਬਹੁਤ ਹੀ ਸੁਹਿਰਦ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਅਕਾਡਮੀ ਦੇ ਆਪਣੇ ਵਿਕਰੀ ਕੇਂਦਰ ਦੇ ਨਾਲ ਇਹ ਕਿਤਾਬ ਬੈਂਕ ਪੁਸਤਕ ਪ੍ਰੇਮੀਆਂ ਲਈ ਬਣਾਇਆ ਗਿਆ ਹੈ ਜੋ ਨਵੇਂ ਸਿੱਖਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਸੇਵਾ ਵੱਲ ਇੱਕ ਪ੍ਰਮੁੱਖ ਕਦਮ ਹੈ ਅਤੇ ਜੇਕਰ ਕਿਸੇ ਪਾਠਕ ਦਾ ਮਨ ਕਰੇ ਕਿ ਉਹ ਇਸ ਸੇਵਾ ਲਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਦੇਣਾ ਚਾਹੁੰਦਾ ਹੈ ਤਾਂ ਉਹ ਅਕਾਡਮੀ ਵੱਲੋਂ ਜਾਰੀ ਕੀਤੇ ਕਿਊ ਆਰ ਕੋਡ ਰਾਹੀਂ ਜਾਂ ਅਕਾਊਂਟ ਨੰਬਰ ਰਾਹੀਂ ਆਪਣੀ ਯੋਗਦਾਨ ਰਾਸ਼ੀ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਯੋਗਦਾਨ ਪੂਰੀ ਤਰ੍ਹਾਂ ਸਾਹਿਤ ਦੇ ਪ੍ਰਚਾਰ ਪਸਾਰ ਤੇ ਗੈਰ-ਲਾਭਕਾਰੀ ਉਦੇਸ਼ ਲਈ ਹੀ ਵਰਤੇ ਜਾਣਗੇ।
ਇਸ ਮੌਕੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਜਸਪਾਲ ਮਾਨਖੇੜਾ, ਡਾ. ਹਰਵਿੰਦਰ ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਡਾ. ਹਰੀ ਸਿੰਘ ਜਾਚਕ ਅਤੇ ਜਸਵੀਰ ਝੱਜ ਪ੍ਰਬੰਧਕੀ ਬੋਰਡ ਮੈਂਬਰ ਕੰਵਰਜੀਤ ਸਿੰਘ ਭੱਠਲ, ਪ੍ਰੇਮ ਸਾਹਿਲ, ਵਰਗਿਸ ਸਲਾਮਤ, ਡਾ. ਸੰਤੋਖ ਸੁੱਖੀ, ਜਨਮੇਜਾ ਜੌਹਲ, ਦੀਪ ਜਗਦੀਪ ਅਤੇ ਤ੍ਰਿਲੋਚਨ ਝਾਂਡੇ ਸਮੇਤ ਕਈ ਲੇਖਕ ਹਾਜ਼ਰ ਸਨ।