ਸਾਹਿਬ ਸਿੰਘ ਨੇ ‘ਸੰਮਾਂ ਵਾਲੀ ਡਾਂਗ’ ਨਾਟਕ ਰਾਹੀਂ ਸਰੋਤਿਆਂ ਨੂੰ ਝੰਜੋੜਿਆ
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਬਣਾਏ ਗਏ ਗੁਰਸ਼ਰਨ ਕਲਾ ਭਵਨ ਵਿੱਚ ਮਹੀਨੇ ਦੇ ਅਖ਼ੀਰਲੇ ਸ਼ਨਿੱਚਰਵਾਰ ਦਾ ਸਮਾਗਮ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਯਾਦਗਾਰੀ ਹੋ ਨਿੱਬੜਿਆ। ਭਵਨ ਨੇ ਇਸ ਮਹੀਨੇ ਅਠਾਰਾਂ ਸਾਲਾਂ ਦਾ ਸਫ਼ਰ ਪੂਰਾ ਕਰ ਲਿਆ ਹੈ।...
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਬਣਾਏ ਗਏ ਗੁਰਸ਼ਰਨ ਕਲਾ ਭਵਨ ਵਿੱਚ ਮਹੀਨੇ ਦੇ ਅਖ਼ੀਰਲੇ ਸ਼ਨਿੱਚਰਵਾਰ ਦਾ ਸਮਾਗਮ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਯਾਦਗਾਰੀ ਹੋ ਨਿੱਬੜਿਆ। ਭਵਨ ਨੇ ਇਸ ਮਹੀਨੇ ਅਠਾਰਾਂ ਸਾਲਾਂ ਦਾ ਸਫ਼ਰ ਪੂਰਾ ਕਰ ਲਿਆ ਹੈ। ਐਤਕੀਂ ਦੇ ਸਮਾਗਮ ਦਾ ਉਦਘਾਟਨ ਡਾਕਟਰ ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾਕਟਰ ਅਵਤਾਰ ਸਿੰਘ ਸਾਬਕਾ ਪ੍ਰਿੰਸੀਪਲ, ਪ੍ਰੋਫੈਸਰ ਮਨਜੀਤ ਸਿੰਘ ਛਾਬੜਾ, ਮਾਸਟਰ ਉਜਾਗਰ ਸਿੰਘ, ਤਰਸੇਮ ਸਿੰਘ ਜ਼ੀਰਾ, ਲੇਖਕ ਅਮਰੀਕ ਸਿੰਘ ਤਲਵੰਡੀ, ਕੰਵਲਜੀਤ ਖੰਨਾ, ਜੋਗਿੰਦਰ ਆਜ਼ਾਦ ਅਤੇ ਹਰਕੇਸ਼ ਚੌਧਰੀ ਪ੍ਰਧਾਨ ਨੇ ਕੀਤਾ। ਉਪਰੰਤ ਅਦਾਕਾਰ ਮੰਚ ਮੁਹਾਲੀ ਦੀ ਪੇਸ਼ਕਸ਼ ਡਾਕਟਰ ਸਾਹਿਬ ਸਿੰਘ ਦਾ ਲਿਖਿਆ ਨਿਰਦੇਸ਼ਿਤ ਅਤੇ ਅਦਾਕਾਰੀ ਨਾਲ ਸੰਜੋਇਆ ਨਾਟਕ ‘ਸੰਮਾਂ ਵਾਲੀ ਡਾਂਗ’ ਪੇਸ਼ ਕੀਤਾ ਗਿਆ। ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਹਲੂਣਿਆ, ਝੰਜੋੜਿਆ ਅਤੇ ਸੁੰਨ ਕਰੀ ਰੱਖਿਆ। ਸਵਾ ਘੰਟੇ ਦੇ ਇਸ ਨਾਟਕ ਨੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਆਪਣੇ ਨਾਲ ਜੋੜੀ ਰੱਖਿਆ। ਨਾਟਕ ਦੇ ਅੰਤ ’ਤੇ ਦਰਸ਼ਕਾਂ ਨੇ ਖੜ੍ਹੇ ਹੋ ਜ਼ੋਰਦਾਰ ਤਾੜੀਆਂ ਮਾਰ ਕੇ ਆਪਣੇ ਨਾਟਕਕਾਰ ਦਾ ਅਭਿਨੰਦਨ ਕੀਤਾ। ਡਾ. ਐੱਸ ਪੀ ਸਿੰਘ ਨੇ ਕਿਹਾ ਕਿ ਉਹ ਸਮਝਦੇ ਸਨ ਕਿ ਇਪਟਾ ਮਗਰੋਂ ਪ੍ਰਗਤੀਸ਼ੀਲ ਰੰਗਮੰਚ ਦੀ ਲਹਿਰ ਖ਼ਤਮ ਹੋ ਗਈ ਹੈ ਪਰ ਅੱਜ ਗੁਰਸ਼ਰਨ ਕਲਾ ਭਵਨ ਵਿੱਚ ਆ ਕੇ ਲੱਗਿਆ ਇਹ ਲਹਿਰ ਚੱਲ ਰਹੀ ਹੈ, ਸਗੋਂ ਅੱਗੇ ਵੱਧ ਰਹੀ ਹੈ। ਨਿਜ਼ਾਮ ਨੂੰ ਬਦਲਣ ਲਈ ਸੰਮਾਂ ਵਾਲੀ ਡਾਂਗ ਚੁੱਕਣੀ ਤਾਂ ਜ਼ਰੂਰੀ ਹੈ ਪਰ ਇਹ ਚੁੱਕਣੀ ਕਦੋਂ ਹੈ? ਉਸ ਤੋਂ ਪਹਿਲਾਂ ਕੀ ਕਰਨਾ ਹੈ? ਇਨ੍ਹਾਂ ਸਵਾਲਾਂ ਨੂੰ ਸੰਬੋਧਨ ਹੋਣਾ ਜ਼ਰੂਰੀ ਹੈ। ਸਮਾਗਮ ਦੇ ਅੰਤ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਡਾਕਟਰ ਸਾਹਿਬ ਸਿੰਘ ਦਾ ਸਨਮਾਨ ਕੀਤਾ ਗਿਆ। ਇਕ ਸਨਮਾਨ ਚਿੰਨ੍ਹ ਅਤੇ ਸ਼ਾਲ ਡਾ. ਐੱਸ ਪੀ ਸਿੰਘ ਨੂੰ ਦੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਤਰਸੇਮ ਸਿੰਘ ਜ਼ੀਰਾ ਤੇ ਐਡਵੋਕੇਟ ਜਸਵੀਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਹਰਚਰਨ ਸਿੰਘ ਪਰਹਾਰ, ਸੰਤੋਖ ਗਿੱਲ, ਪ੍ਰਿੰਸੀਪਲ ਰਾਜਿੰਦਰ ਸਿੰਘ, ਕਮਲਜੀਤ ਮੋਹੀ, ਮਾਸਟਰ ਦੀਪਕ ਰਾਏ, ਭਾਗ ਸਿੰਘ, ਮਾਸਟਰ ਗੁਰਜੀਤ ਸਿੰਘ, ਲੈਕਚਰਾਰ ਪਰਗਟ ਸਿੰਘ, ਧਰਮਿੰਦਰ ਸਿੰਘ, ਅਸ਼ੋਕ ਭੰਡਾਰੀ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

