ਸਭਰੰਗ ਕਲਾ ਮੰਚ ਵੱਲੋਂ ‘ਸਭ ਰੰਗ ਤੀਆਂ ਦੇ’ ਪ੍ਰੋਗਰਾਮ
ਸਭਰੰਗ ਕਲਾ ਮੰਚ ਵੱਲੋਂ ਇਥੇ ਪੰਜਾਬੀ ਭਵਨ ਵਿੱਚ ਰੰਗਾਰੰਗ ਤੇ ਸੱਭਿਆਚਾਰਕ ਸਮਾਗਮ ਮੰਚ ਦੇ ਚੇਅਰਮੈਨ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਰੰਗਾਰੰਗ ਪ੍ਰੋਗਰਾਮ ‘ਸਭ ਰੰਗ ਤੀਆਂ ਦੇ’ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਸਮਾਗਮ ਦੌਰਾਨ ਲੋਕ ਗੀਤ, ਲੰਬੀ ਹੇਕ ਦੇ ਗੀਤ, ਸੁਹਾਗ, ਘੋੜੀਆਂ, ਸਿੱਠਣੀਆਂ, ਪੁਰਾਤਨ ਖੇਡਾਂ ਅਤੇ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਪੁਰਾਤਨ ਵਸਤਾਂ ਦੀ ਲੱਗੀ ਪ੍ਰਦਰਸ਼ਨੀ ਰਹੀ। ਇਸ ਮੌਕੇ ਦਰਸ਼ਕਾਂ ਕੋਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸਵਾਲ ਪੁੱਛੇ ਗਏ। ਇਸ ਪ੍ਰੋਗਰਾਮ ਰਾਹੀਂ ਸਭਰੰਗ ਕਲਾ ਮੰਚ ਨੇ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਇਸ ਪੂਰੇ ਪ੍ਰੋਗਰਾਮ ਨੂੰ ਪਹੁੰਚੇ ਹੋਏ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਉਪ ਚੇਅਰਮੈਨ ਸੁਪਰਜੀਤ ਕੌਰ, ਸੁਖਵੀਰ ਸਿੰਘ, ਬਲਰਾਜ ਸਿੰਘ, ਹਰਦੇਵ ਸਿੰਘ, ਅਰੁਣ ਆਨੰਦ, ਉਜਲਵੀਰ ਸਿੰਘ, ਜਸਵਿੰਦਰ ਸਿੰਘ, ਲਖਵੀਰ ਸਿੰਘ, ਅੰਜੂ ਬਾਲਾ, ਸੁਰਚਨਾ ਪੰਧੇਰ, ਹਰਦੀਪ ਕੌਰ, ਗੁਰਚਰਨ ਕੌਰ, ਰਮਨਦੀਪ ਕੌਰ, ਰਮਾ, ਰਾਜਵਿੰਦਰ ਕੌਰ, ਬਲਜੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ।