‘ਰਨ ਮੈਰਾਥਨ’ ਜਲੰਧਰ ਦੀ ਵੀਨੂ ਤੇ ਫਾਜ਼ਿਲਕਾ ਦੇ ਕਰਨ ਨੇ ਜਿੱਤੀ
‘ਸਭ ਲਈ ਭਵਿੱਖ’ ਵਿਸ਼ੇ ’ਤੇ ਕਰਵਾਈ ਮੈਰਾਥਨ ਰਾਹੀਂ ਤੰਦਰੁਸਤ ਰਹਿਣ ਦਾ ਸੱਦਾ
ਲੁਧਿਆਣਾ ਰਨਰਜ਼ ਕਲੱਬ ਵੱਲੋਂ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਅੱਜ ਪੰਜਵੀਂ ਅਵਾਕੋਰ ਲੁਧਿਆਣਾ 10 ਕਿਲੋਮੀਟਰ ਰਨ ਮੈਰਾਥਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਵਿੱਚ ਕਰਵਾਈ ਗਈ। ਇਹ ਦੌੜ ਲੜਕੀਆਂ ’ਚ ਵੀਨੂ ਪੁਰੀ ਅਤੇ ਲੜਕਿਆਂ ਵਿੱਚੋਂ ਕਰਨ ਨੇ ਜਿੱਤੀ। ‘ਸਭ ਲਈ ਭਵਿੱਖ’ ਵਿਸ਼ੇ ’ਤੇ ਕਰਵਾਈ ਇਸ ਮੈਰਾਥਨ ਰਾਹੀਂ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਖੇਡਾਂ ਨਾਲ ਜੁੜਨ ਦਾ ਸੁਨੇਹਾ ਦੇਣਾ ਸੀ। ਇਸ ਮੈਰਾਥਨ ਵਿੱਚ ਖਿਡਾਰੀਆਂ ਤੋਂ ਇਲਾਵਾ ਹਰ ਉਮਰ ਵਰਗ ਦੇ 1,500 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ।
ਪੀਏਯੂ ਕੈਂਪ ਤੋਂ ਸ਼ੁਰੂ ਹੋਈ ਇਸ ਮੈਰਾਥਨ ਵਿੱਚ ਖੇਡਾਂ, ਉਦਯੋਗਿਕ ਇਕਾਈਆਂ, ਸਮਾਜਿਕ ਸੰਗਠਨਾਂ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਵੀ ਹਿੱਸਾ ਲਿਆ। ਇਸ ਸਾਲ ਦੀ ਦੌੜ ਦੇ ਮੁੱਖ ਸਪਾਂਸਰ ਮਨੀਪਾਲ, ਸਿਗਨਾ, ਐਫਰੋ ਸਾਈਕਲਜ਼, ਹੀਬੀ ਕੌਫੀ, ਵੇਰਕਾ, ਅਮੂਲ ਅਤੇ ਹੋਰ ਭਾਈਵਾਲ ਸਨ। ਮੈਰਾਥਨ ਦੌਰਾਨ 10 ਕਿਲੋਮੀਟਰ ਦੀ ਦੌੜ ਸ਼ਹਿਰ ਦੇ ਐਥਲੀਟਾਂ ਲਈ,5 ਕਿਲੋਮੀਟਰ ਦੀ ਦੌੜ ਫਿਟਨੈਸ ਉਤਸ਼ਾਹੀਆਂ ਲਈ ਜਦੋਂਕਿ 3 ਕਿਲੋਮੀਟਰ ਦੀ ਦੌੜ ਪੈਦਲ ਚੱਲਣ ਅਤੇ ਦੌੜਨ ਦੇ ਉਤਸ਼ਾਹੀਆਂ ਲਈ ਸੀ। ਇਸ ਮੈਰਾਥਨ ਵਿੱਚ ਲੁਧਿਆਣਾ ਸਮੇਤ ਮੁੰਬਈ, ਦਿੱਲੀ ਅਤੇ ਹੋਰ ਜ਼ਿਲ੍ਹਿਆਂ ਤੋਂ ਬੱਚਿਆਂ, ਨੌਜਵਾਨ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ।
ਜੇਤੂ ਦੌੜਾਕਾਂ ਨੂੰ ਨਕਦ ਇਨਾਮ, ਐਫਰੋ ਸਾਈਕਲਜ਼ ਤੋਂ ਸਾਈਕਲਿੰਗ ਕਿੱਟਾਂ, ਹੀਬੀ ਕੌਫੀ ਦੀ ਮੈਂਬਰਸ਼ਿਪ, ਟੀ-ਸ਼ਰਟਾਂ, ਤਗ਼ਮੇ ਅਤੇ ਸਰਟੀਫਿਕੇਟ ਦਿੱਤੇ ਗਏੇ। ਔਰਤਾਂ ਦੀ 10 ਕਿਲੋਮੀਟਰ ਦੌੜ ’ਚ ਜਲੰਧਰ ਦੀ ਵੀਨੂ ਪੁਰੀ, ਫਾਜ਼ਿਲਕਾ ਦੇ ਕਰਨ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। 5 ਕਿਲੋਮੀਟਰ ਵਿੱਚ ਇੱਕ ਪੰਜ ਸਾਲ ਦੇ ਬੱਚੇ ਨੇ ਤਰੁਣ ਛਾਬੜਾ ਨੇ ਵੀ ਸ਼ਿਰਕਤ ਕੀਤੀ। ਐੱਸ ਪੀ ਐੱਸ ਹਸਪਤਾਲ ਨੇ ਪੂਰੇ ਰੂਟ ਅਤੇ ਸਥਾਨ ’ਤੇ ਇੱਕ ਮੈਡੀਕਲ ਟੀਮ, ਫਸਟ-ਏਡ ਸਹਾਇਤਾ ਅਤੇ ਐਮਰਜੈਂਸੀ ਦੇਖਭਾਲ ਪ੍ਰਦਾਨ ਕੀਤੀ। ਪ੍ਰਬੰਧਕਾਂ ਅਨੁਸਾਰ ‘ਅਵਾਕਾਰ ਲੁਧਿਆਣਾ 10 ਕਿਲੋਮੀਟਰ ਮੈਰਾਥਨ ਇੱਕ ਦੌੜ ਨਹੀਂ ਹੈ, ਸਗੋਂ ਇੱਕ ਵਾਅਦਾ ਹੈ ‘ਤੰਦਰੁਸਤੀ ਅਤੇ ਸਾਰਿਆਂ ਲਈ ਇੱਕ ਸਿਹਤਮੰਦ ਭਵਿੱਖ ਦਾ।’’’ ਇਸ ਮੌਕੇ ਲੁਧਿਆਣਾ ਰਨਰਜ਼ ਦੇ ਚੇਅਰਮੈਨ ਸੁਖਦਰਸ਼ਨ ਸਿੰਘ ਪੁਨੀ, ਪ੍ਰਧਾਨ ਪਿਊਸ਼ ਚੋਪੜਾ, ਵਾਈਸ ਪ੍ਰੈਜ਼ੀਡੈਂਟ ਹਰਦੀਪ ਸਿੰਘ, ਪਾਰੁਲ ਗੁਪਤਾ, ਗਵਿਸ਼ ਬੱਤਰਾ, ਨਿਤਿਆਗਿਆ ਸੋਨੀ ਅਤੇ ਮਨਕੀਰਤ ਆਦਿ ਹਾਜ਼ਰ ਸਨ।

