ਸਰਦਾਰ ਵੱਲਭਭਾਈ ਪਟੇਲ ਦੀ ਜੈਅੰਤੀ ਮੌਕੇ ‘ਰਨ ਫਾਰ ਯੂਨਿਟੀ’
ਭਾਜਪਾ ਅਾਗੂਅਾਂ ਸਣੇ ਨੌਜਵਾਨਾਂ, ਸਮਾਜ ਸੇਵਕਾਂ, ਸਕੂਲੀ ਬੱਚਿਅਾਂ ਨੇ ਹਿੱਸਾ ਲਿਅਾ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਦਿਹਾਤੀ ਇਕਾਈ ਵੱਲੋਂ
ਲੋਹ ਪੁਰਸ਼ ਅਤੇ ਏਕਤਾ ਦੇ ਪ੍ਰਤੀਕ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੈਅੰਤੀ ਮੌਕੇ ਅੱਜ ‘ਰਨ ਫਾਰ ਯੂਨਿਟੀ’ ਦਾ ਉਤਸ਼ਾਹ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਕਰਵਾਈ ਗਈ। ਭਾਜਪਾ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ ਹੇਠ ਇਹ ਦੌੜ ਜੀ ਕੇ ਡੇਅਰੀ ਚੌਕ ਹੰਬੜਾ ਰੋਡ ਤੋਂ ਸ਼ਿਵਮ ਪਬਲਿਕ ਸਕੂਲ ਤੱਕ ਕਰਵਾਈ ਗਈ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ, ਸਮਾਜ ਸੇਵਕ, ਸਕੂਲੀ ਬੱਚੇ ਅਤੇ ਭਾਜਪਾ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸਕੂਲੀ ਬੱਚਿਆਂ ਨੇ ਆਪਣੇ ਹੱਥਾਂ ਵਿੱਚ ਤਿਰੰਗੇ ਝੰਡੇ ਫੜ ਕੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਦੌੜ ਦੀ ਰੌਣਕ ਵਧਾਈ। ਦੌੜ ਦੀ ਸ਼ੁਰੂਆਤ ਨੌਜਵਾਨਾਂ ਤੇ ਬੱਚਿਆਂ ਨੇ ‘ਏਕ ਭਾਰਤ - ਸ਼੍ਰੇਸ਼ਠ ਭਾਰਤ’ ਦੇ ਨਾਅਰਿਆਂ ਨਾਲ ਤਿਰੰਗਾ ਲਹਿਰਾ ਕੇ ਕੀਤੀ। ਇਸ ਮੌਕੇ ਗਗਨਦੀਪ ਸਿੰਘ ਸਨੀ ਕੈਂਥ ਨੇ ਕਿਹਾ ਕਿ ਸਰਦਾਰ ਪਟੇਲ ਜੀ ਦੇ ਦ੍ਰਿੜ ਇਰਾਦਿਆਂ ਅਤੇ ਅਟੱਲ ਅਗਵਾਈ ਨੇ ਹੀ ਅੱਜ ਦਾ ਆਖੰਡ ਭਾਰਤ ਸੰਭਵ ਬਣਾਇਆ ਹੈ। ਉਨ੍ਹਾਂ ਕਿਹਾ ਕਿ ਏਕਤਾ, ਭਾਈਚਾਰਾ ਅਤੇ ਸੇਵਾ ਦੇ ਰਾਹ ’ਤੇ ਚਲਣਾ ਹੀ ਸੱਚੀ ਦੇਸ਼ਭਗਤੀ ਹੈ। ਸਮਾਗਮ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਨੂੰ ਸਰਦਾਰ ਪਟੇਲ ਜੀ ਦੇ ਜੀਵਨ ਸੰਦੇਸ਼ ਅਤੇ ਰਾਸ਼ਟਰੀ ਏਕਤਾ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਗਰੀਸ਼ ਸਚਦੇਵਾ, ਅਨੁਜ ਮੋਦਗਿੱਲ, ਕੌਂਸਲਰ ਸੁਨੀਲ ਮੋਦਗਿੱਲ, ਰੋਹਿਤ ਮੁੰਜਾਲ, ਕੇ.ਪੀ. ਰਾਣਾ, ਬਲਵੰਤ ਸਿੰਘ, ਸਾਨਿਆ ਸ਼ਰਮਾ, ਮਨਜੀਤ ਮੰਗਲਾ, ਮੇਵਾ ਸਿੰਘ ਢੋਲਣਵਾਲ, ਬਲਕਾਰ ਸਿੰਘ ਮੰਗਲੀ, ਗੁਰਜੰਟ ਸਿੰਘ ਪੰਜੇਟਾ, ਅਮਿਤ ਓਬਰਾਏ, ਵਿਕਾਸ ਰਾਜਦੇਵ, ਮੇਜਰ ਸਿੰਘ ਬੂਥਗੜ੍ਹ, ਰਸ਼ਮੀ ਚੱਡਾ ਅਤੇ ਉਪਕਾਰ ਸਿੰਘ ਆਦਿ ਹਾਜ਼ਰ ਰਹੇ।

