ਜਗਰਾਉਂ ਦੇ ਵਿਕਾਸ ’ਚ ਅੜਿੱਕੇ ਪਾ ਰਹੀ ਹੈ ਸੱਤਾਧਾਰੀ ਧਿਰ: ਰਾਣਾ
ਧੜੇਬੰਦੀ ਕਰ ਕੇ ਜਗਰਾਉਂ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਆਈ ਖੜ੍ਹੋਤ ਹਟਣ ਦੀ ਬੀਤੇ ਦਿਨ ਉਦੋਂ ਆਸ ਬੱਝੀ ਸੀ ਜਦੋਂ 12 ਕਰੋੜ ਦੇ ਕਰੀਬ ਦੇ ਟੈਂਡਰ ਲਾ ਦਿੱਤੇ ਗਏ ਸਨ ਜੋ ਹੁਣ ਰੱਦ ਹੋ ਗਏ ਹਨ। ਅਜਿਹਾ ਤੀਜੀ ਵਾਰ ਹੋਇਆ ਹੈ ਜਦੋਂ ਟੈਂਡਰ ਲਾ ਕੇ ਰੱਦ ਕੀਤੇ ਗਏ ਹਨ। ਇਸ ’ਤੇ ਨਗਰ ਕੌਂਸਲ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਜਤਿੰਦਰ ਪਾਲ ਰਾਣਾ ਅੱਜ ਭੜਕ ਗਏ। ਉਨ੍ਹਾਂ ਕਿਹਾ ਕਿ ਹੁਣ ਤਕ ਸੱਤਾਧਾਰੀ ਧਿਰ ਤੇ ਇਸ ਦੇ ਹਮਾਇਤੀ ਕੌਂਸਲਰਾਂ ਉਨ੍ਹਾਂ ’ਤੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਖੜ੍ਹੇ ਕਰਨ ਦੇ ਦੋਸ਼ ਲਾਉਂਦੇ ਰਹੇ, ਹੁਣ ਜਦੋਂ ਉਨ੍ਹਾਂ ਟੈਂਡਰ ਲਾਉਣ ਲਈ ਦਸਤਖ਼ਤ ਵੀ ਕਰ ਦਿੱਤੇ ਤਾਂ ਟੈਂਡਰ ਲਾ ਕੇ ਅਚਨਚੇਤ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕੁਝ ਵਿਰੋਧੀਆਂ ਵਲੋਂ ਰਾਜਨੀਤੀ ਕਰ ਕੇ ਸ਼ਹਿਰ ਦੇ ਵਿਕਾਸ ਦੇ ਕੰਮਾਂ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਜਰਨੈਲ ਸਿੰਘ ਲੋਹਟ, ਬਿਕਰਮ ਜੱਸੀ ਤੋਂ ਇਲਾਵਾ ਦਵਿੰਦਰਜੀਤ ਸਿੰਘ ਸਿੱਧੂ, ਅਸ਼ਵਨੀ ਧੀਰ ਆਦਿ ਹਾਜ਼ਰ ਸਨ।
ਸ੍ਰੀ ਰਾਣਾ ਨੇ ਕਿਹਾ ਕਿ 6.27 ਕਰੋੜ ਰੁਪਏ ਦੇ 34 ਕੰਮਾਂ ਦੇ ਟੈਂਡਰ ਸੱਤ ਅਗਸਤ ਨੂੰ ਲਗਾਏ ਗਏ ਤੇ ਇਸ ਤੋਂ ਇਲਾਵਾ 5.28 ਕਰੋੜ ਰੁਪਏ ਦੇ ਨੌਂ ਹੋਰ ਕੰਮਾਂ ਦੇ ਟੈਂਡਰ ਵੀ ਲਗਾਏ ਗਏ ਸਨ ਜੋ ਈਓ ਨੇ 18 ਅਗਸਤ ਨੂੰ ਕਥਿਤ ਸਿਆਸੀ ਦਬਾਅ ਹੇਠ ਰੱਦ ਕਰ ਦਿੱਤੇ। ਉਨ੍ਹਾਂ ਇਸ ਸਬੰਧੀ ਵਿਭਾਗ ਦੇ ਮੰਤਰੀ, ਮੁੱਖ ਸਕੱਤਰ ਤੇ ਡਾਇਰੈਕਟਰ ਨੂੰ ਪੱਤਰ ਵੀ ਲਿਖਿਆ ਹੈ। ਨਾਲ ਹੀ ਕਿਹਾ ਕਿ ਤਸੱਲੀਬਖਸ਼ ਜਵਾਬ ਪ੍ਰਾਪਤ ਨਾ ਹੋਣ ’ਤੇ ਅਦਾਲਤ ਦਾ ਬੂਹਾ ਖੜਕਾਉਣਗੇ।
ਸਿਆਸੀ ਦਬਾਅ ਦੇ ਦੋਸ਼ ਬੇਬੁਨਿਆਦ: ਈਓ
ਈਓ ਸੁਖਦੇਵ ਸਿੰਘ ਰੰਧਾਵਾ ਨੇ ਸਿਆਸੀ ਦਬਾਅ ਤਹਿਤ ਟੈਂਡਰ ਰੱਦ ਕਰਨ ਦੇ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰ ਕੇ ਅਜਿਹਾ ਕਰਨਾ ਪਿਆ ਹੈ।