ਨਸ਼ਿਆਂ ਖ਼ਿਲਾਫ਼ ਧਰਨੇ ਤੋਂ ਪਹਿਲਾਂ ਹਾਕਮ ਧਿਰ ਨੇ ਪੈਦਲ ਯਾਤਰਾ ਐਲਾਨੀ
ਸੱਤਾਧਾਰੀਅਾਂ ’ਤੇ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਦੋਸ਼
ਇਲਾਕੇ ਦੇ ਪਿੰਡ ਰਸੂਲਪੁਰ ਮੱਲ੍ਹਾ ਵਿੱਚ ਇਕ ਨੌਜਵਾਨ ਦੀ ਕਥਿਤ ਚਿੱਟੇ ਕਾਰਨ ਹੋਈ ਮੌਤ ਮਗਰੋਂ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਨਾਲ ਹੋਈਆਂ ਮੌਤਾਂ ਦਾ ਮੁੱਦਾ ਤਾਂ ਉੱਭਰਿਆ ਹੀ ਸੀ ਕਿ ਜਨਤਕ ਜਥੇਬੰਦੀਆਂ ਨੇ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਕਰਕੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਪਿੰਡ ਰਸੂਲਪੁਰ ਵਾਲਾ ਮਾਮਲਾ ਚੁੱਕਣ ਵਾਲੇ ਮਨਦੀਪ ਸਿੰਘ ਨੂੰ ਨਸ਼ਾ ਤਸਕਰ ਵਲੋਂ ਜਾਨੋਂ ਮਾਰਨ ਦੀ ਦਿੱਤੀ ਧਮਕੀ ਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ। ਪੁਲੀਸ ਨੇ ਭਾਵੇਂ ਫੌਰੀ ਕਾਰਵਾਈ ਕਰਦਿਆਂ ਧਮਕੀਆਂ ਦੇਣ ਵਾਲੇ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਪਰ ਲੋਕ ਰੋਹ ਕਾਇਮ ਹੈ। ਇਸੇ ਲਈ ਜਨਤਕ ਜਥੇਬੰਦੀਆਂ ਨੇ ਇਥੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਵਿੱਚ ਇਕੱਤਰਤਾ ਕੀਤੀ। ਇਸ ਮੌਕੇ ਜਿੱਥੇ 28 ਅਕਤੂਬਰ ਨੂੰ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨੇ ਦਾ ਐਲਾਨ ਹੋਇਆ ਨਾਲ ਹੀ ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਪੁਲੀਸ ਦੇ ਗੱਠਜੋੜ ਦਾ ਮੁੱਦਾ ਵੀ ਬੁਲਾਰਿਆ ਨੇ ਜ਼ੋਰ ਸ਼ੋਰ ਨਾਲ ਚੁੱਕਿਆ। ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜਥੇਬੰਦੀਆਂ 28 ਅਕਤੂਬਰ ਵਾਲੇ ਧਰਨੇ ਦੀ ਤਿਆਰੀ ਲਈ ਪਿੰਡਾਂ ਵਿੱਚ ਲਾਮਬੰਦੀ ਕਰ ਰਹੀਆਂ ਹਨ ਪਰ ਇਹ ਧਰਨਾ ਲੱਗਣ ਤੋਂ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਨਸ਼ਿਆਂ ਦੇ ਮੁੱਦੇ ’ਤੇ 27 ਅਕਤੂਬਰ ਸੋਮਵਾਰ ਨੂੰ ਪੈਦਲ ਮਾਰਚ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਆਗੂ ਤੇ ਨਸ਼ਿਆਂ ਵਿਰੁੱਧ ਬਣੀ ਟੀਮ ਦੇ ਕੋਆਰਡੀਨੇਟਰ ਵਿਕਰਮਜੀਤ ਸਿੰਘ ਵਿੱਕੀ ਥਿੰਦ ਨੇ ਦੱਸਿਆ ਕਿ ਨਸ਼ਾ ਮੁਕਤੀ ਮੋਰਚਾ ਵੱਲੋਂ ਇਹ ਪੈਦਲ ਯਾਤਰਾ ਭਲਕੇ 10.30 ਵਜੇ ਬੱਸ ਅੱਡਾ ਤਹਿਸੀਲ ਚੌਕ ਤੋਂ ਆਰੰਭ ਹੋਵੇਗਾ ਅਤੇ ਲਾਲਾ ਲਾਜਪਤ ਰਾਏ ਕਮੇਟੀ ਪਾਰਕ ਜਾ ਕੇ ਸਮਾਪਤ ਹੋਵੇਗਾ। ਦੂਜੇ ਪਾਸੇ 28 ਅਕਤੂਬਰ ਵਾਲਾ ਰੋਸ ਮੁਜ਼ਾਹਰਾ ਸਵੇਰੇ 11 ਵਜੇ ਸਥਾਨਕ ਡਾਈਟ ਅੱਗੇ ਇਕੱਠੇ ਹੋ ਕੇ ਸ਼ੁਰੂ ਹੋਵੇਗਾ। ਇਨ੍ਹਾਂ ਦੋਹਾਂ ਪ੍ਰੋਗਰਾਮਾਂ ਸਬੰਧੀ ਦੋਵੇਂ ਪਾਸਿਆਂ ਤੋਂ ਪੋਸਟਰ ਵੀ ਜਾਰੀ ਹੋਏ ਹਨ। ਜਨਤਕ ਜਥੇਬੰਦੀਆਂ ਵਾਲੇ ਮੁਜ਼ਾਹਰੇ ਵਿੱਚ ਸ਼ਾਮਲ ਨੌਜਵਾਨ ਭਾਰਤ ਸਭਾ ਦੇ ਕਰਮਜੀਤ ਮਾਣੂੰਕੇ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਧਿਰ ਨੇ ਜਾਣਬੁੱਝ ਕੇ ਨਸ਼ਿਆਂ ਖ਼ਿਲਾਫ਼ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਪੈਦਲ ਯਾਤਰਾ ਐਲਾਨੀ ਹੈ। ਉਧਰ ‘ਆਪ’ ਦੇ ਵਿੱਕੀ ਥਿੰਦ ਨੇ ਕਿਹਾ ਕਿ ਉਨ੍ਹਾਂ ਦਾ ਯੁੱਧ ਨਸ਼ਿਆਂ ਵਿਰੁੱਧ ਪਹਿਲਾਂ ਤੋਂ ਚੱਲ ਰਿਹਾ ਹੈ ਅਤੇ ਉਸੇ ਤਹਿਤ ਇਹ ਪੈਦਲ ਯਾਤਰਾ ਰੱਖੀ ਗਈ ਹੈ।
ਪੰਜਾਬ ਦਾ ਇਕ ਪਿੰਡ ਵੀ ਨਸ਼ਾ-ਮੁਕਤ ਦੱਸਣ ਦਾ ਚੈਲੰਜ
ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ‘ਆਪ’ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਸੂਬੇ ਦੇ ਦਰਜਨ, ਅੱਧੀ-ਦਰਜਨ ਨਹੀਂ ਸਗੋਂ ਕਿਸੇ ਇਕ ਪਿੰਡ ਦਾ ਹਾਂ ਨਾਂ ਦੱਸ ਦੇਣ ਜੋ ਮੁਕੰਮਲ ਤੌਰ ’ਤੇ ਨਸ਼ਾ ਮੁਕਤ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਇਕ ਪਿੰਡ ਦੇ ਪੂਰੀ ਤਰ੍ਹਾਂ ਨਸ਼ਾ ਮੁਕਤ ਦਾ ਹਲਫ਼ੀਆ ਬਿਆਨ ਦਿੱਤਾ ਜਾਵੇ ਜਿਸ ਮਗਰੋਂ ਜਨਤਕ ਜਥੇਬੰਦੀਆਂ ਉਸ ਪਿੰਡ ਦੀ ਅਸਲੀਅਤ ਉਜਾਗਰ ਕਰਨਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਖ਼ਿਲਾਫ਼ ਯੁੱਧ ਵਿੱਢਣ ਦੀ ਆੜ ਵਿੱਚ ਜੋ ਹੋ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਰਿਹਾ।

