ਸਰਸ ਮੇਲੇ ’ਚ ਸਤਿੰਦਰ ਸਰਤਾਜ ਦੇ ਸਮਾਗਮ ਦੌਰਾਨ ਹੰਗਾਮਾ
ਪ੍ਰਸ਼ਾਸਨ ’ਤੇ ਸਹੀ ਇੰਤਜ਼ਾਮ ਨਾ ਕਰਨ ਦੇ ਦੋਸ਼; ਟਿਕਟਾਂ ਖ਼ਰੀਦਣ ਵਾਲਿਆਂਂ ਨੂੰ ਨਹੀਂ ਮਿਲਿਆ ਸਮਾਗਮ ’ਚ ਦਾਖ਼ਲਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਂਡ ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ ਪੇਸ਼ਕਾਰੀ ਲਈ ਪੁੱਜੇ ਸਤਿੰਦਰ ਸਰਤਾਜ ਦੇ ਸ਼ੋਅ ਦੇ ਬਾਹਰ ਬੀਤੀ ਰਾਤ ਕਾਫ਼ੀ ਹੰਗਾਮਾ ਹੋਇਆ। ਇੱਥੇ ਭੀੜ ਜ਼ਿਆਦਾ ਹੋਣ ਕਾਰਨ ਹਾਲਾਤ ਪੁਲੀਸ ਤੇ ਪ੍ਰਸ਼ਾਸਨ ਦੇ ਹੱਥੋਂ ਬਾਹਰ ਨਜ਼ਰ ਆਏ। ਦਾਖ਼ਲਾ ਗੇਟ ’ਤੇ ਕਈ ਲੋਕਾਂ ਦੀ ਪੁਲੀਸ ਨਾਲ ਬਹਿਸ ਵੀ ਹੋਈ। ਇੱਕ ਵਿਅਕਤੀ ਦੀ ਐੱਸ ਐੱਚ ਓ ਨਾਲ ਹੋਈ ਬਹਿਸ ਤੇ ਧੱਕਾਮੁੱਕੀ ਦੀ ਵੀਡੀਓ ਵੀ ਵਾਇਰਲ ਹੋਈ। ਇਸ ਵਿੱਚ ਟਿਕਟ ਹੋਣ ਦੇ ਬਾਵਜੂਦ ਵਿਅਕਤੀ ਨੂੰ ਰੋਕਿਆ ਗਿਆ ਜਿਸ ਮਗਰੋਂ ਉਸ ਵਿਅਕਤੀ ਨੇ ਪੁਲੀਸ ਮੁਲਾਜ਼ਮ ਨੂੰ ਧਮਕੀਆਂ ਦੇ ਰਿਹਾ ਹੈ। ਇਸ ਦੇ ਨਾਲ ਹੀ ਸ਼ੋਅ ਵਿੱਚ ਪੁੱਜੇ ਲੋਕਾਂ ਨੇ ਦੋਸ਼ ਲਾਏ ਕੇ ਟਿਕਟਾਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਜਦੋਂਕਿ ਅਗਲੀਆਂ ਸੀਟਾਂ ’ਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਪਾਸਾਂ ਵਾਲੇ ਲੋਕ ਬੈਠੇ ਹੋਏ ਸਨ। ਲੋਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ’ਤੇ ਚੜ੍ਹ ਗਏ ਅਤੇ ਲੋਕਾਂ ਨੇ ਮੇਲੇ ਵਿੱਚ ਲੱਗੀਆਂ ਕੁਰਸੀਆਂ ਤੋੜ ਦਿੱਤੀਆਂ।
ਬੀਤੀ ਰਾਤ ਪੰਜਾਬੀ ਗਾਇਕ ਸਰਤਾਜ ਦਾ ਸ਼ੋਅ ਸੀ, ਹਾਲਾਂਕਿ ਉਸ ਦਾ ਪ੍ਰੋਗਰਾਮ ਪਹਿਲਾਂ 10 ਅਕਤੂਬਰ ਨੂੰ ਸੀ ਪਰ ਗਾਇਕ ਰਾਜਵੀਰ ਜਵੰਦਾ ਦੀ ਮੌਤ ਹੋਣ ਕਾਰਨ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਸਮਾਗਮ ਦੀਆਂ ਸਾਰੀਆਂ ਹੀ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਸਨ। ਬੀਤੀ ਸ਼ਾਮ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਪੁੱਜਣੇ ਸ਼ੁਰੂ ਹੋ ਗਏ। ਪ੍ਰਸ਼ਾਸਨ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ’ਚ ਲੋਕ ਪੁੱਜਣਗੇ। ਭੀੜ ਕਾਰਨ ਬਾਹਰ ਮਾਹੌਲ ਕਾਫ਼ੀ ਭਖ਼ ਗਿਆ। ਇਸ ਦੌਰਾਨ ਐਂਟਰੀ ਪੁਆਇੰਟ ’ਤੇ ਪੁਲੀਸ ਤੇ ਲੋਕਾਂ ਵਿੱਚ ਬਹਿਸ ਹੋਈ। ਥਾਣਾ ਡਿਵੀਜਨ ਨੰਬਰ-4 ਦੇ ਐੱਸ ਐੱਚ ਓ ਇੰਸਪੈਕਰ ਗਗਨਦੀਪ ਸਿੰਘ ਨਾਲ ਹੋਈ ਇੱਕ ਵਿਅਕਤੀ ਦੀ ਧੱਕਾਮੁੱਕੀ ਤੇ ਬਹਿਸ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।
ਸੀਟਾਂ ਭਰਨ ਕਾਰਨ ਲੋਕਾਂ ਨੂੰ ਰੋਕਿਆ: ਪੁਲੀਸ
ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਰਤਾਜ ਦਾ ਸ਼ੋਅ ਬਿਲਕੁੱਲ ਹਾਊਸ ਫੁੱਲ ਸੀ। ਅੰਦਰ ਸੀਟਾਂ ਭਰ ਜਾਣ ਕਾਰਨ ਲੋਕਾਂ ਨੂੰ ਬਾਹਰ ਹੀ ਰੋਕਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਨੂੰ ਕਾਫ਼ੀ ਸਮਝਾਇਆ ਸੀ ਪਰ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ।