ਲੁਧਿਆਣਾ ’ਚ ਪਟਾਕਾ ਮਾਰਕੀਟ ਦੇ ਡਰਾਅ ਕੱਢਣ ਮੌਕੇ ਹੰਗਾਮਾ
ਬਿਨਾ ਜਾਂਚ ਤੋਂ ਫਾਈਲਾਂ ਰੱਦ ਕਰਨ ਦੀ ਗੱਲ ’ਤੇ ਹੋਲਸੇਲ ਪਟਾਕਾ ਵਪਾਰੀਆਂ ਵੱਲੋਂ ਨਾਅਰੇਬਾਜ਼ੀ
70 ਦੁਕਾਨਾਂ ਲਈ 1500 ਤੋਂ ਵੱਧ ਨੇ ਕੀਤਾ ਅਪਲਾਈ; ਪੁਲੀਸ ’ਤੇ 1200 ਫਾਈਲਾਂ ਬਾਹਰ ਕੱਢਣ ਦਾ ਦੋਸ਼
ਗਗਨਦੀਪ ਅਰੋੜਾ
ਲੁਧਿਆਣਾ, 11 ਅਕਤੂਬਰ
ਦੀਵਾਲੀ ’ਤੇ ਸ਼ਹਿਰ ਵਿੱਚ ਲੱਗਣ ਵਾਲੀਆਂ ਪਟਾਕਾ ਮਾਰਕੀਟ ਦੇ ਡਰਾਅ ਕੱਢਣ ਨੂੰ ਲੈ ਕੇ ਬਚਤ ਭਵਨ ਵਿੱਚ ਹੋਲਸੇਲ ਪਟਾਕਾ ਕਾਰੋਬਾਰੀਆਂ ਨੇ ਹੰਗਾਮਾ ਕਰ ਦਿੱਤਾ। ਪਟਾਕਾ ਕਾਰੋਬਾਰੀ ਪ੍ਰਸ਼ਾਸਨ ਵੱਲੋਂ ਫਾਈਲਾਂ ਬਾਹਰ ਕੱਢਣ ’ਤੇ ਭੜਕ ਗਏ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਕਾਫ਼ੀ ਵੱਡੀ ਗਿਣਤੀ ਵਿੱਚ ਪਟਾਕਾ ਕਾਰੋਬਾਰੀਆਂ ਹੋਣ ਕਾਰਨ ਮਾਹੌਲ ਕਾਫ਼ੀ ਗਰਮ ਹੋ ਗਿਆ। ਮਾਹੌਲ ਸ਼ਾਂਤ ਕਰਨ ਲਈ ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਪਟਾਕਾ ਕਾਰੋਬਾਰੀਆਂ ਨੇ ਦੋਸ਼ ਲਗਾਏ ਕਿ 70 ਦੁਕਾਨਾਂ ਦੇ ਲਈ ਪਹਿਲਾਂ ਹੀ 1500 ਫਾਈਲਾਂ ਆਈਆਂ ਹਨ, ਜਿਨ੍ਹਾਂ ਵਿੱਚੋਂ ਬਿਨਾਂ ਜਾਂਚ ਕੀਤੇ ਹੀ ਪੁਲੀਸ ਨੇ 1200 ਫਾਈਲਾਂ ਬਾਹਰ ਕੱਢ ਦਿੱਤੀਆਂ। ਪੁਲੀਸ ਦੇ ਸਮਝਾਉਣ ਤੇ ਡਰਾਅ ਸੋਮਵਾਰ ਕੱਢਣ ਦੇ ਭਰੋਸਾ ਤੋਂ ਬਾਅਦ ਪਟਾਕਾ ਕਾਰੋਬਾਰੀ ਸ਼ਾਂਤ ਹੋਏ। ਹੁਣ ਐਤਵਾਰ ਨੂੰ ਦੁਬਾਰਾ ਫਾਈਲ ਦੀ ਜਾਂਚ ਪੜਤਾਲ ਕੀਤੀ ਜਾਏਗੀ।
ਪੁਲੀਸ ਤੇ ਪ੍ਰਸ਼ਾਸਨ ਵੱਲੋਂ ਪਟਾਕਾ ਮਾਰਕੀਟ ਵੱਲੋਂ ਛੇ ਥਾਵਾਂ ’ਤੇ ਪਟਾਕਿਆਂ ਦੀ ਮਾਰਕੀਟ ਲਗਾਉਣ ਦੀ ਮੰਨਜ਼ੂਰੀ ਦਿੱਤੀ ਗਈ ਹੈ। ਜਿਸ ਵਿੱਚ ਦਾਣਾ ਮੰਡੀ ਜਲੰਧਰ ਬਾਈਪਾਸ, ਗਲਾਡਾ ਮੈਦਾਨ ਫੁੱਲਾਂਵਾਲ ਚੌਂਕ, ਹੈਬੋਵਾਲ, ਲੋਧੀ ਕਲੱਬ ਦੇ ਨੇੜੇ, ਗਲਾਡਾ ਮੈਦਾਨ ਦੁਗਰੀ, ਗਲਾਡਾ ਮੈਦਾਨ ਚੰਡੀਗੜ੍ਹ ਰੋਡ ਸ਼ਾਮਲ ਹੈ, ਇੱਥੇ ਪੁਲੀਸ ਨੇ 70 ਦੁਕਾਨਾਂ ਬਣਾਉਣ ਦੇ ਡਰਾਅ ਕੱਢਣੇ ਹਨ। ਅੱਜ ਪੁਲੀਸ ਵੱਲੋਂ ਬਚਤ ਭਵਨ ਵਿੱਚ ਡਰਾਅ ਹੀ ਕੱਢਿਆ ਜਾਣਾ ਸੀ। ਜਿਸਦੇ ਤਹਿਤ ਮੌਕੇ ’ਤੇ ਵੱਡੀ ਗਿਣਤੀ ਵਿੱਚ ਪਟਾਕਾ ਕਾਰੋਬਾਰੀ ਪੁੱਜੇ ਹੋਏ ਸਨ। 70 ਦੁਕਾਨਾਂ ਲਈ 1500 ਤੋਂ ਜ਼ਿਆਦਾ ਅਰਜ਼ੀਆਂ ਪੁਲੀਸ ਨੂੰ ਮਿਲੀਆਂ ਸਨ। ਪੁਲੀਸ ਨੇ ਜਿਵੇਂ ਹੀ ਡਰਾਅ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਪਟਾਕਾ ਕਾਰੋਬਾਰੀਆਂ ਨੇ ਹੰਗਾਮਾ ਕਰ ਦਿੱਤਾ। ਪਟਾਕਾ ਕਾਰੋਬਾਰੀਆਂ ਦਾ ਦੋਸ਼ ਹੈ ਕਿ ਪੁਲੀਸ ਨੇ ਬਿਨਾਂ ਜਾਂਚ ਕੀਤੇ ਹੀ 1200 ਫਾਈਲਾਂ ਡਰਾਅ ਪ੍ਰਕਿਰਿਆ ਤੋਂ ਬਾਹਰ ਕੱਢ ਦਿੱਤੀਆਂ ਹਨ, ਜਦਕਿ ਉਨ੍ਹਾਂ ਦੇ ਸਾਰੇ ਕਾਗਜਾਤ ਪੂਰੇ ਹਨ। ਪਟਾਕਾ ਕਾਰੋਬਾਰੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੌਕੇ ’ਤੇ ਮਾਹੌਲ ਕਾਫ਼ੀ ਗਰਮ ਹੋ ਗਿਆ। ਪੁਲੀਸ ਵੱਲੋਂ ਵੱਡੀ ਗਿਣਤੀ ਵਿੱਚ ਮੌਕੇ ’ਤੇ ਪੁੱਜ ਗਈ।
ਪਟਾਕਾ ਕਾਰੋਬਾਰੀ ਤ੍ਰਿਭੂਵਨ ਥਾਪਰ ਨੇ ਦੱਸਿਆ ਕਿ ਪੁਲੀਸ ਨੇ ਬਿਨਾਂ ਜਾਂਚ ਪੜਤਾਲ ਤੋਂ ਫਾਈਲਾਂ ਬਾਹਰ ਕੱਢੀਆਂ ਹਨ। ਸਾਰੇ ਕਾਗਜ਼ਾਤ ਪੂਰੇ ਹਨ, ਪਰ ਪੁਲੀਸ ਕੋਈ ਸੁਣਵਾਈ ਨਹੀਂ ਕਰ ਰਹੀ। ਇਨ੍ਹਾਂ ਹੀ ਨਹੀਂ ਫਾਈਲਾਂ ਕਿਉਂ ਬਾਹਰ ਕੱਢਣੀਆਂਹਨ, ਉਸ ਬਾਰੇ ਪੁਲੀਸ ਕੋਲ ਕੋਈ ਜਵਾਬ ਨਹੀਂ ਹਨ। ਸਾਰੀ ਗੱਲ ਜੀਐਸਟੀ ਵਿਭਾਗ ਉਤੇ ਸੁੱਟੀ ਜਾ ਰਹੀ ਹੈ।
ਪਟਾਕਾ ਕਾਰੋਬਾਰੀ ਕੋਮਲ ਖੰਨਾ ਨੇ ਸਰਕਾਰ ’ਤੇ ਦੋਸ਼ ਲਗਾਏ ਕਿ ਸਿਆਸੀ ਆਗੂ ਆਪਣੇ ਖਾਸਮ ਖਾਸ ਨੂੰ ਦੁਕਾਨਾਂ ਦਿਵਾਉਣਾ ਚਾਹੁੰਦੇ ਹਨ, ਇਸ ਕਰਕੇ ਜਿਹੜੇ ਅਸਲੀ ਹੋਲਸੇਲ ਪਟਾਕਾ ਕਾਰੋਬਾਰੀ ਹਨ, ਉਨ੍ਹਾਂ ਦੀਆਂ ਫਾਈਲਾਂ ਬਾਹਰ ਕੱਢ ਦਿੱਤੀਆਂ ਹਨ।
ਵਿਰੋਧ ਦੇ ਚਲਦੇ ਪੁਲੀਸ ਨੂੰ ਡਰਾਅ ਦਾ ਕੰਮ ਰੋਕਣਾ ਪਇਆ। ਪੁਲੀਸ ਦੇ ਅਧਿਕਾਰੀਆਂ ਨੇ ਕਿਸੇ ਤਰੀਕੇ ਦੇ ਨਾਲ ਪਟਾਕਾ ਕਾਰੋਬਾਰੀਆਂ ਸਮਝਾਇਆ ਗਿਆ। ਐਤਵਾਰ ਨੂੰ ਦੁਬਾਰਾ ਫਾਈਲਾਂ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਹੁਣ ਦੁਬਾਰਾ ਸੋਮਵਾਰ ਨੂੰ ਡਰਾਅ ਕੱਢਿਆ ਜਾਏਗਾ।
ਕਿਸ ਥਾਂ ’ਤੇ ਲੱਗਣੀਆਂ ਹਨ ਕਿੰਨੀਆਂ ਦੁਕਾਨਾਂ
ਦਾਣਾ ਮੰਡੀ - 40 ਦੁਕਾਨਾਂ
ਫੁੱਲਾਂਵਾਲ ਚੋਂਕ - 6 ਦੁਕਾਨਾਂ
ਹੈਬੋਵਾਲ - 6 ਦੁਕਾਨਾਂ,
ਲੋਧੀ ਕਲਬ ਨੇੜੇ - 6 ਦੁਕਾਨਾਂ
ਗਲਾਡਾ ਮੈਦਾਨ ਦੁਗਰੀ - 6 ਦੁਕਾਨਾਂ
ਗਲਾਡਾ ਮੈਦਾਨ ਚੰਡੀਗੜ੍ਹ ਰੋਡ - 6 ਦੁਕਾਨਾਂ