ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਵੱਲੋਂ ਕਰਿੰਦਿਆਂ ਦੀ ਕੁੱਟਮਾਰ
ਚੀਮਾ ਚੌਕ ਲਿੰਕ ਰੋਡ ਨੇੜੇ ਇੱਕ ਪੈਟਰੋਲ ਪੰਪ ਨੂੰ ਸ਼ੁੱਕਰਵਾਰ ਦੇਰ ਰਾਤ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੁਟੇਰਿਆਂ ਨੇ ਇਥੇ ਮੌਜੂਦ ਕਰਿੰਦਿਆਂ ਦੀ ਕੁੱਟਮਾਰ ਕੀਤੀ ਅਤੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਤੇ ਮੌਕੇ ਤੋਂ ਫਰਾਰ ਹੋ ਗਏ। ਪੰਪ ਮਾਲਕਾਂ ਨੇ ਇਸ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਅਤੇ ਥਾਣਾ ਮੋਤੀ ਨਗਰ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੈਟਰੋਲ ਪੰਪ ਮਾਲਕ ਦੇ ਅਨੁਸਾਰ 4 ਮਹੀਨਿਆਂ ਦੇ ਅੰਦਰ ਇਹ ਤੀਜੀ ਘਟਨਾ ਹੈ। ਇਕ ਵਾਰ ਪੰਪ ਮੁਲਾਜ਼ਮਾਂ ਨੇ ਲੁਟੇਰਿਆਂ ’ਤੇ ਹਮਲਾ ਵੀ ਕੀਤਾ ਸੀ ਅਤੇ ਉਹ ਜ਼ਖ਼ਮੀ ਵੀ ਹੋ ਗਿਆ ਸੀ। ਇਹ ਘਟਨਾ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ।
ਪੈਟਰੋਲ ਪੰਪ ਦੇ ਮਾਲਕ ਕੁਲਵੰਤ ਸਿੰਘ ਨੇ ਦੱਸਿਆ ਕਿ ਕਰੀਬ 12:30 ਵਜੇ 3 ਅਣਪਛਾਤੇ ਲੁਟੇਰੇ ਪੰਪ ’ਤੇ ਆਏ। ਮੁਲਜ਼ਮਾਂ ਨੇ ਪਹਿਲਾਂ ਪੰਪ ’ਤੇ ਇੱਟ ਸੁੱਟੀ। ਫਿਰ ਉਨ੍ਹਾਂ ਕੈਸ਼ੀਅਰ ਦੇ ਕਾਊਂਟਰ ’ਤੇ ਇੱਟ ਸੁੱਟੀ। ਉਨ੍ਹਾਂ ਦੱਸਿਆ ਕਿ ਪੰਪ ਦੇ ਦਫ਼ਤਰ ਵਿੱਚ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਕੈਸ਼ ਰੱਖਿਆ ਜਾਂਦਾ ਹੈ। ਇਸੇ ਕਰ ਕੇ ਲੁਟੇਰਿਆਂ ਨੇ ਦਫ਼ਤਰ ਦਾ ਸ਼ੀਸ਼ਾ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਦੋ ਮੁਲਾਜ਼ਮ ਹਨ, ਜਦੋਂ ਉਹ ਆਏ ਤਾਂ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਭੱਜ ਗਏ। ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਲਗਾਤਾਰ ਉਨ੍ਹਾਂ ਦੇ ਪੰਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਧਰ, ਥਾਣਾ ਮੋਤੀ ਨਗਰ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ।