ਸਤਵਿੰਦਰ ਬਸਰਾ
ਲੁਧਿਆਣਾ, 2 ਜੁਲਾਈ
ਪਿਛਲੇ ਦੋ ਦਿਨ ਲਗਾਤਾਰ ਮੀਂਹ ਤੋਂ ਬਾਅਦ ਅੱਜ ਭਾਵੇਂ ਸਾਰਾ ਦਿਨ ਤਿੱਖੀ ਧੁੱਪ ਨਿਕਲੀ ਰਹੀ ਪਰ ਮੀਂਹਾਂ ਦੇ ਪਾਣੀਆਂ ਨਾਲ ਸੜਕਾਂ ’ਤੇ ਪਏ ਡੂੰਘੇ ਅਤੇ ਚੌੜੇ ਟੋਇਆਂ ਨੇ ਰਾਹਗੀਰਾਂ ਨੂੰ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ। ਸ਼ਹਿਰ ਦੀ ਸ਼ਾਇਦ ਹੀ ਕੋਈ ਅਜਿਹੀ ਸੜ੍ਹਕ ਬਚੀ ਹੋਵੇ ਜਿੱਥੇ ਪਾਣੀ ਖੜ੍ਹਾ ਹੋਣ ਕਰਕੇ ਟੋਏ ਨਾ ਪਏ ਹੋਣ।
ਇਸ ਵਾਰ ਮੌਨਸੂਨ ਪਿਛਲੇ ਸਾਲਾਂ ਦੇ ਮੁਕਾਬਲੇ ਕਰੀਬ ਡੇਢ ਹਫਤਾ ਪਹਿਲਾਂ ਆਉਣ ਨਾਲ ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ ਵੀ ਪਹਿਲਾਂ ਖਰਾਬ ਹੋ ਗਈਆਂ। ਸੋਮਵਾਰ ਰਾਤ/ਤੜਕੇ ਅਤੇ ਮੰਗਲਵਾਰ ਸਾਰਾ ਦਿਨ ਮੀਂਹ ਪੈਣ ਤੋਂ ਬੁੱਧਵਾਰ ਸਵੇਰ ਸਮੇਂ ਤੋਂ ਹੀ ਤਿੱਖੀ ਧੁੱਪ ਨਿਕਲੀ ਰਹੀ। ਅੱਜ ਦਾ ਤਾਪਮਾਨ ਭਾਵੇਂ 34 ਡਿਗਰੀ ਸੈਲਸੀਅਸ ਸੀ ਪਰ ਮਹਿਸੂਸ 40 ਡਿਗਰੀ ਸੈਲਸੀਅਸ ਤੋਂ ਵੀ ਵੱਧ ਹੋ ਰਹੀ ਸੀ। ਦੂਜੇ ਪਾਸੇ ਪਿਛਲੇ ਦਿਨਾਂ ਦੌਰਾਨ ਪਏ ਮੀਂਹਾਂ ਨੇ ਸ਼ਹਿਰ ਦੀਆਂ ਸੜਕਾਂ ’ਤੇ ਵੱਡੇ ਅਤੇ ਡੂੰਘੇ ਟੋਏ ਪਾ ਦਿੱਤੇ। ਟੋਇਆਂ ਵਿੱਚੋਂ ਨਿਕਲੀ ਬਜ਼ਰੀ ਦੋ ਪਹੀਆਂ ਚਾਲਕਾਂ ਲਈ ਮੁਸੀਬਤ ਬਣ ਰਹੀ ਹੈ। ਇੱਥੋਂ ਦੇ ਜੋਸ਼ੀ ਨਗਰ, ਰਣਜੋਧ ਪਾਰਕ, ਵਿਮੈੱਨ ਸੈੱਲ ਸਿਵਲ ਲਾਈਨ, ਟਰਾਂਸਪੋਰਟ ਨਗਰ, ਸ਼ਿਵਾਜ਼ੀ ਨਗਰ, ਟਿੱਬਾ ਰੋਡ, ਸ਼ਿੰਗਾਰ ਸਿਨੇਮਾ ਰੋਡ, ਗਊਸ਼ਾਲਾ ਰੋਡ ’ਤੇ ਵੱਡੇ ਵੱਡੇ ਟੋਏ ਦੇਖੇ ਜਾ ਸਕਦੇ ਹਨ। ਦਿਨ ਸਮੇਂ ਤਾਂ ਭਾਵੇਂ ਲੋਕ ਇੰਨਾਂ ਬਚ ਕੇ ਨਿਕਲ ਜਾਂਦੇ ਹਨ ਪਰ ਰਾਤ ਸਮੇਂ ਇਹ ਟੋਏ ਦਿਖਾਈ ਨਹੀਂ ਦਿੰਦੇ ਜਿਸ ਕਰਕੇ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਬਰਸਾਤੀ ਮੌਸਮ ਕਰਕੇ ਭਾਵੇਂ ਲੁੱਕ-ਬਜਰੀ ਪਾਉਣੀ ਸੰਭਵ ਨਾ ਹੋਵੇ ਪਰ ਆਰਜ਼ੀ ਤੌਰ ’ਤੇ ਮਿੱਟੀ ਅਤੇ ਰੋੜੀ ਪਾ ਕੇ ਇੰਨਾਂ ਟੋਇਆਂ ਨੂੰ ਪੂਰਿਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਸਕੇ। ਦੂਜੇ ਪਾਸੇ ਇਹ ਟੋਏ ਟ੍ਰੈਫਿਕ ਲਈ ਵੀ ਅੜਿੱਕਾ ਬਣਦੇ ਹਨ ਕਿਉਂਕਿ ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਈ-ਰਿਕਸ਼ੇ ਚੱਲ ਰਹੇ ਹਨ ਜੋ ਛੋਟੇ ਜਿਹੇ ਟੋਏ ਵਿੱਚੋਂ ਲੰਘਣ ਸਮੇਂ ਵੀ ਕਈ ਵਾਰ ਪਲਟੀ ਖਾ ਜਾਂਦੇ ਹਨ। ਇਸ ਲਈ ਅਜਿਹੇ ਈ-ਰਿਕਸ਼ਾ ਚਾਲਕਾਂ ਵੱਲੋਂ ਟੋਇਆਂ ਤੋਂ ਬਚਾਅ ਕੇ ਲੰਘਾਉਣ ਦੇ ਚੱਕਰ ਵਿੱਚ ਈ-ਰਿਕਸ਼ਿਆਂ ਦੀ ਰਫਤਾਰ ਬਿਲਕੁਲ ਹੋਲੀ ਕਰ ਲਈ ਜਾਂਦੀ ਹੈ ਜਿਸ ਕਰਕੇ ਕਈ ਵਾਰ ਟ੍ਰੈਫਿਕ ਜਾਮ ਹੋ ਜਾਂਦਾ ਹੈ।