ਮਾੜੀ ਸਮੱਗਰੀ ਨਾਲ ਬਣਾਈ ਜਾ ਰਹੀ ਸੜਕ ਦਾ ਕੰਮ ਰੁਕਵਾਇਆ
ਸੀਨੀਅਰ ਡਿਪਟੀ ਮੇਅਰ ਵੱਲੋਂ ਜਾਇਜ਼ਾ; ਠੇਕੇਦਾਰ ਨੂੰ ਸੜਕ ਮੁਡ਼ ਬਣਾਉਣ ਦੇ ਹੁਕਮ
ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਸੜਕ ਬਣਾਉਣ ਵਿੱਚ ਮਾੜੀ ਗੁਣਵੱਤਾ ਅਤੇ ਘਟੀਆ ਸਮੱਗਰੀ ਵਰਤੇ ਜਾਣ ਦੀ ਸ਼ਿਕਾਇਤ ਮਿਲਣ ਦੇ ਮਾਮਲੇ ਵਿੱਚ ਅੱਜ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ ਮੌਕੇ ’ਤੇ ਪੁੱਜ ਗਏ। ਉਨ੍ਹਾਂ ਸੜਕ ਦਾ ਨਿਰੀਖਣ ਕੀਤਾ ਅਤੇ ਠੇਕੇਦਾਰ ਦੀ ਕਲਾਸ ਵੀ ਲਗਾਈ। ਇਸ ਮਗਰੋਂ ਉਨ੍ਹਾਂ ਨੇ ਸੜਕ ’ਤੇ ਪਾਏ ਗਏ ਸਾਰੇ ਹੀ ਸਮੱਗਰੀ ਨੂੰ ਚੁਕਵਾ ਦਿੱਤੀ ਤੇ ਇਸ ਨੂੰ ਸਹੀ ਸਮੱਗਰੀ ਨਾਲ ਬਣਵਾਉਣ ਦੇ ਹੁਕਮ ਜਾਰੀ ਕੀਤੇ। ਸੀਨੀਅਰ ਡਿਪਟੀ ਮੇਅਰ ਦੇ ਖੁੱਦ ਦੇ ਵਾਰਡ ਵਿੱਚ ਇਹ ਸਾਰੇ ਵਿਕਾਸ ਕਾਰਜ਼ ਚੱਲ ਰਹੇ ਸਨ, ਜਿਸ ਤੋਂ ਬਾਅਦ ਉਹ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਲਈ ਆਏ। 20 ਨਵੰਬਰ ਨੂੰ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਨਗਰ ਕੀਰਤਨ ਹੋਵੇਗਾ। ਇਸ ਲਈ ਸਰਕਾਰ ਨੇ ਇਲਾਕੇ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕਰਨ ਅਤੇ ਕਈ ਨਵੀਆਂ ਸੜਕਾਂ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਸੀਨੀਅਰ ਡਿਪਟੀ ਮੇਅਰ ਸ੍ਰੀ ਪ੍ਰਾਸ਼ਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਕੱਢਿਆ ਜਾਣ ਵਾਲਾ ਨਗਰ ਕੀਰਤਨ 20 ਨਵੰਬਰ ਨੂੰ ਸ਼ਹਿਰ ਵਿੱਚ ਆਵੇਗਾ। ਪੁਰਾਣੇ ਸ਼ਹਿਰ ਦੇ ਖੇਤਰਾਂ ਵਿੱਚ ਵੱਖ-ਵੱਖ ਸੜਕ ਉਸਾਰੀ ਦੇ ਪ੍ਰਾਜੈਕਟ ਚੱਲ ਰਹੇ ਹਨ, ਜਿਸ ਨਾਲ ਸ਼ਰਧਾਲੂਆਂ ਨੂੰ ਸਹੂਲਤ ਵੀ ਮਿਲੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੂੰ ਜਾਣ ਵਾਲੀ ਸੜਕ ਦੇ ਮੁੜ ਉਸਾਰੀ ਦਾ ਕੰਮ ਦੋ ਦਿਨ ਪਹਿਲਾਂ ਸ਼ੁਰੂ ਹੋਇਆ ਸੀ। ਪ੍ਰਾਸ਼ਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਸੜਕ ’ਤੇ ਠੇਕੇਦਾਰ ਸਹੀ ਸਮੱਗਰੀ ਦੀ ਵਰਤੋਂ ਨਹੀਂ ਕਰ ਰਿਹਾ। ਇਸ ਕਰਕੇ ਅੱਜ ਸਵੇਰੇ ਉਹ ਨਿਰੀਖਣ ਕਰਨ ਲਈ ਗਏ। ਉਨ੍ਹਾਂ ਨੂੰ ਮਿਲੀ ਸ਼ਿਕਾਇਤ ਸਹੀ ਨਿਕਲੀ। ਠੇਕੇਦਾਰ, ਜੋ ਸਾਮਾਨ ਦੀ ਵਰਤੋਂ ਕਰ ਰਿਹਾ ਸੀ, ਉਹ ਮਿਆਰੀ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਕੇ ਇਹ ਸਾਰੀ ਸੜਕ ’ਤੇ ਪਾਇਆ ਗਿਆ ਮੈਟੀਰਿਅਲ ਚੁਕਵਾ ਦਿੱਤਾ ਤੇ ਠੇਕੇਦਾਰ ਨੂੰ ਮਿਆਰੀ ਸਾਮਾਨ ਦੇ ਨਾਲ ਦੁਬਾਰਾ ਸੜਕ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਉਹ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਕਰ ਸਕਦੇ। ਹੁਣ ਜਦੋਂ ਦੁਬਾਰਾ ਸੜਕ ਬਣੇਗੀ ਤਾਂ ਪਹਿਲਾਂ ਉਹ ਸਾਮਾਨ ਦੀ ਜਾਂਚ ਕਰਨਗੇ।

