ਕਲਾ ’ਤੇ ਪਾਬੰਦੀਆਂ ਮੜ੍ਹਨ ਦੀ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਜੁਲਾਈ
ਆਰਐੱਸਐੱਸ ਦੀ ਹਿੰਦੂਤਵੀ ਵਿਚਾਰਧਾਰਾ ਦੀ ਪੈਰੋਕਾਰ ਮੋਦੀ ਹਕੂਮਤ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਇਕ ਵਿਸ਼ੇਸ਼ ਧਾਰਮਿਕ ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਹੁਣ ਦਿਲਜੀਤ ਦੁਸਾਂਝ ਦੀ ਫਿਲਮ ‘ਸਰਦਾਰ ਜੀ-3’ ਨੂੰ ਨਿਸ਼ਾਨਾ ਇਸ ਕਰ ਕੇ ਬਣਾਇਆ ਜਾ ਰਿਹਾ ਹੈ ਕਿ ਇਸ ਵਿੱਚ ਇਕ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਰੋਲ ਕੀਤਾ ਹੈ। ਇਸ ਫਿਲਮ ਜਾਂ ਕਲਾਕਾਰ ਨਾਲ ਸਹਿਮਤ ਹੋਣਾ ਜਾਂ ਨਾ ਹੋਣ ਨੂੰ ਪੈਮਾਨਾ ਬਨਾਉਣ ਨਾਲੋਂ ਪਾਬੰਦੀ ਮੜ੍ਹਨ ਵਾਲੀ ਧਿਰ ਦੀ ਮਨਸ਼ਾ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਇਹ ਕੋਈ ਪਹਿਲੀ ਫ਼ਿਲਮ ਨਹੀਂ ਜਿਸ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਹੋਵੇ।
ਦੋਵੇਂ ਮੁਲਕਾਂ ਦੇ ਕਲਾਕਾਰ ਇਕ ਦੂਜੇ ਦੇਸ਼ ਦੀਆਂ ਫਿਲਮਾਂ ਵਿੱਚ ਕੰਮ ਕਰਦੇ ਰਹੇ ਹਨ ਅਤੇ ਅਜਿਹੀਆਂ ਫਿਲਮਾਂ ਦੋਵੇਂ ਮੁਲਕਾਂ ਵਿੱਚ ਮਕਬੂਲ ਵੀ ਹੋਈਆਂ ਹਨ। ਪੰਜਾਬ ਤਾਂ ਅੱਜ ਵੀ ਲਹਿੰਦਾ ਪੰਜਾਬ ਦੇ ਅਤੇ ਚੜ੍ਹਦਾ ਪੰਜਾਬ ਅਖਵਾਉਂਦਾ ਹੈ। ਇਸ ਦੀ ਬੋਲੀ, ਸਭਿਆਚਾਰ ਸਾਂਝਾ ਹੈ। ਫਾਸੀਵਾਦੀ ਮੋਦੀ ਹਕੂਮਤ ਦੋਵੇਂ ਮੁਲਕਾਂ ਦੇ ਲੋਕਾਂ ਦੀ ਉੱਸਰੀ ਹੋਈ ਸਾਂਝ ਨੂੰ ਅਜਿਹੀਆਂ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਕਰਕੇ ਤੋੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਲਾ ਦਾ ਘੇਰਾ ਬਹੁਤ ਵਿਸ਼ਾਲ ਹੈ, ਕਲਾ ਰਾਹੀਂ ਜੰਗਾਂ ਦੇ ਲੋਕਾਂ ਦੀ ਜ਼ਿੰਦਗੀ 'ਤੇ ਪੈਂਦੇ ਪ੍ਰਭਾਵ, ਕਲਾ ਰਾਹੀਂ ਹੀ ਲੋਕਾਂ ਦੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ, ਕਲਾ ਰਾਹੀਂ ਲੋਕਾਂ ਨੂੰ ਆਪਸੀ ਭਰਾਮਾਰੂ ਜੰਗ ਦੀ ਭੱਠੀ ਵਿੱਚ ਝੋਕਣ ਖਿਲਾਫ਼ ਸਾਜ਼ਿਸ਼ਾਂ ਨੂੰ ਬੇਪਰਦ ਕਰਨਾ ਸਮੇਤ ਅਨੇਕਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਮੁੱਦਿਆਂ ਨੂੰ ਉਭਾਰਿਆ ਜਾਂਦਾ ਰਿਹਾ ਹੈ।