ਮੁੱਲਾਂਪੁਰ ਦੀਆਂ 11 ਮੰਡੀਆਂ ਦੀ ਜ਼ਿੰਮੇਵਾਰੀ ਦੋ ਸੁਪਰਵਾਈਜ਼ਰਾਂ ਹਵਾਲੇ
ਹਾੜ੍ਹੀ ਤੇ ਸਾਉਣੀ ਦੇ ਸੀਜ਼ਨ ਦੌਰਾਨ ਕੰਮ ਲਈ ਨਿੱਜੀ ਬੰਦੇ ਰਖਣ ਲਈ ਮਜਬੂਰ ਮਾਰਕੀਟ ਕਮੇਟੀ
ਇਥੋਂ ਦੀ ਪ੍ਰਮੁੱਖ ਦਾਣਾ ਮੰਡੀ ਸਣੇ ਮਾਰਕੀਟ ਕਮੇਟੀ ਅਧੀਨ ਦਰਜਨ ਦੇ ਕਰੀਬ ਬਾਕੀ ਦੀਆਂ ਮੰਡੀਆਂ ਦਾ ਕੰਮ ਕੇਵਲ ਦੋ ਮੰਡੀ ਸੁਪਰਵਾਈਜ਼ਰ ਦੇਖ ਰਹੇ ਹਨ। ਮਾਰਕੀਟ ਕਮੇਟੀ ਨੂੰ ਹਾੜ੍ਹੀ ਤੇ ਸਾਉਣੀ ਦੇ ਸੀਜ਼ਨ ਵਿੱਚ ਮੰਡੀਆਂ ਦੇ ਕੰਮ ਦੀ ਦੇਖ-ਰੇਖ ਲਈ ਪ੍ਰਾਈਵੇਟ ਬੰਦੇ ਕੰਮ ਚਲਾਉਣ ਲਈ ਰੱਖਣੇ ਪੈਂਦੇ ਹਨ। ਇਹ ਸਭ ਕੁਝ ਮੁਲਾਜ਼ਮਾਂ ਦੇ ਵੱਡੀ ਗਿਣਤੀ ਵਿੱਚ ਸੇਵਾਮੁਕਤ ਹੋ ਜਾਣ ਕਰਕੇ ਹੋ ਰਿਹਾ ਹੈ। ਅਜਿਹੀ ਮਾਰਕੀਟ ਕਮੇਟੀ ਮੁੱਲਾਂਪੁਰ ਇਕਲੌਤੀ ਨਹੀਂ ਸਗੋਂ ਹੋਰ ਵੀ ਅਨੇਕਾਂ ਮੰਡੀਆਂ ਹਨ ਜਿਨ੍ਹਾਂ ਨੂੰ ਮੁਲਾਜ਼ਮਾਂ ਦੀ ਸੇਵਾਮੁਕਤੀ ਮਗਰੋਂ ਨਵੀਂ ਭਰਤੀ ਨਾ ਹੋਣ ਕਰਕੇ ਮੁਲਾਜ਼ਮਾਂ ਦੀ ਘਾਟ ਰੜਕ ਰਹੀ ਹੈ। ਮੁੱਲਾਂਪੁਰ ਮਾਰਕੀਟ ਕਮੇਟੀ ਦੀ ਕਹਾਣੀ ਬਾਕੀਆਂ ਨਾਲੋਂ ਥੋੜ੍ਹੀ ਹਟਵੀਂ ਹੈ। ਇੱਥੇ ਮੁਲਾਜ਼ਮਾਂ ਦੀ ਘਾਟ ਦਾ ਇਕ ਕਾਰਨ ਤਾਇਨਾਤ ਮੁਲਾਜ਼ਮਾਂ ਦੀ ਤਰੱਕੀ ਵੀ ਹੈ। ਸੈਕਟਰੀ ਸਮੇਤ ਤਿੰਨ ਮੁਲਾਜ਼ਮਾਂ ਨੂੰ ਤਰੱਕੀ ਮਿਲੀ ਹੈ ਜਿਸ ਕਰਕੇ ਉਨ੍ਹਾਂ ਵਾਲੇ ਅਹੁਦੇ ਵੀ ਖਾਲੀ ਪਏ ਹਨ। ਵੇਰਵਿਆਂ ਮੁਤਾਬਕ ਮਾਰਕੀਟ ਕਮੇਟੀ ਮੁੱਲਾਂਪੁਰ ਅਧੀਨ ਸ਼ਹਿਰੀ ਮੰਡੀ, ਰਕਬਾ ਮੰਡੀ (ਸਬ ਯਾਰਡ) ਤੋਂ ਇਲਾਵਾ ਦਸ ਪੇਂਡੂ ਖਰੀਦ ਕੇਂਦਰ ਸੁਧਾਰ, ਹਲਵਾਰਾ, ਹੰਬੜਾਂ, ਪੁੜੈਣ, ਚੱਕ ਕਲਾਂ, ਸਵੱਦੀ, ਨੂਰਪੁਰ ਬੇਟ, ਸਰਾਭਾ ਅਤੇ ਮਨਸੂਰਾਂ ਪੈਂਦੇ ਹਨ। ਇਨ੍ਹਾਂ ਵਿੱਚ ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਮੰਡੀ ਸੁਪਰਵਾਈਜ਼ਰ ਲਾਏ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ ਹੁਣ ਕੇਵਲ ਦੋ ਹੈ। ਸ਼ਹਿਰੀ ਮੰਡੀ, ਰਕਬਾ ਮੰਡੀ, ਸਰਾਭਾ, ਮਨਸੂਰਾਂ, ਤਲਵੰਡੀ ਕਲਾਂ, ਗੁਰੂਸਰ ਸੁਧਾਰ, ਹਲਵਾਰਾ, ਸਵੱਦੀ ਕਲਾਂ ਵਾਲੀ ਮੰਡੀਆਂ ਲਈ ਮੰਡੀ ਸੁਪਰਵਾਈਜ਼ਰ ਜਸਵੀਰ ਸਿੰਘ ਤਾਇਨਾਤ ਹਨ। ਪਿੰਡ ਪੁੜੈਣ, ਹੰਬੜਾਂ, ਚੱਕ ਕਲਾਂ ਨੂਰਪੁਰ ਬੇਟ ਵਾਲੀ ਮੰਡੀਆਂ ਲਈ ਮੰਡੀ ਸੁਪਰਵਾਈਜ਼ਰ ਮਲਕੀਤ ਸਿੰਘ (ਲੇਖਾਕਾਰ) ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਉਕਤ ਮਾਰਕੀਟ ਕਮੇਟੀ ਵਿੱਚ ਮੰਡੀ ਸੁਪਰਵਾਈਜ਼ਰ ਵਜੋਂ ਅਜੇ ਕੱਕੜ, ਮਲਕੀਤ ਸਿੰਘ ਅਤੇ ਗੁਰਦੀਪ ਸਿੰਘ ਤਾਇਨਾਤ ਸਨ ਅਤੇ ਉਕਤ ਤਿੰਨਾਂ ਦੀਆਂ ਤਰੱਕੀਆਂ ਸੁਪਰਡੈਂਟ, ਅਕਾਊਂਟੈਂਟ ਅਤੇ ਸੈਕਟਰੀ ਵੱਜੋਂ ਹੋਈਆਂ ਹਨ। ਇਸ ਸਾਲ ਅਕਤੂਬਰ ਮਹੀਨੇ ਮੰਡੀ ਸੁਪਰਵਾਈਜ਼ਰ ਤੋਂ ਗੁਰਦੀਪ ਸਿੰਘ ਅਖਾੜਾ ਨੂੰ ਸੈਕਟਰੀ ਵਜੋਂ ਤਰੱਕੀ ਮਿਲੀ ਅਤੇ ਉਹ ਇਸੇ ਮਾਰਕੀਟ ਕਮੇਟੀ ਵਿੱਚ ਹੁਣ ਬਤੌਰ ਸੈਕਟਰੀ ਤਾਇਨਾਤ ਹਨ। ਇਸ ਸਿੱਟੇ ਵਜੋਂ ਹੁਣ ਮੰਡੀ ਸੁਪਰਵਾਈਜ਼ਰ ਵਾਲੀਆਂ ਤਿੰਨ ਸੀਟਾਂ ਹੋਰ ਖਾਲੀ ਹੋ ਗਈਆਂ ਹਨ। ਪਹਿਲਾਂ ਹਰੇਕ ਮੰਡੀ ਦੀ ਦੇਖ ਰੇਖ ਲਈ ਇਕ-ਇਕ ਮੰਡੀ ਸੁਪਰਵਾਈਜ਼ਰ ਹੁੰਦਾ ਸੀ ਜੋ ਗਿਣਤੀ ਘੱਟ ਹੋ ਕੇ ਹੁਣ ਕੇਵਲ ਦੋ ਰਹਿ ਗਈ ਹੈ। ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦੇ ਨਵੇਂ ਬਣੇ ਸੈਕਟਰੀ ਗੁਰਦੀਪ ਸਿੰਘ ਅਖਾੜਾ ਨੇ ਸਟਾਫ਼ ਦੀ ਘਾਟ ਮੰਨੀ। ਉਨ੍ਹਾਂ ਦੱਸਿਆ ਕਿ ਇਸ ਵਕਤ ਸਿਰਫ ਦੋ ਹੀ ਮੰਡੀ ਸੁਪਰਵਾਈਜ਼ਰ ਇਥੇ ਕੰਮ ਕਰਦੇ ਹਨ।