ਦੂਸ਼ਿਤ ਪਾਣੀ ਤੋਂ ਪ੍ਰੇਸ਼ਾਨ ਗੁਰੂ ਨਾਨਕ ਨਗਰ ਇਲਾਕੇ ਦੇ ਵਸਨੀਕ
ਜੋਗਿੰਦਰ ਸਿੰਘ ਓਬਰਾਏ
ਖੰਨਾ, 5 ਜੂਨ
ਇਥੋਂ ਦਾ ਵਾਰਡ ਨੰਬਰ 13 ਗੁਰੂ ਨਾਨਕ ਨਗਰ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸੜਕਾਂ ’ਤੇ ਹਰ ਵੇਲੇ ਦੂਸ਼ਿਤ ਪਾਣੀ ਖੜ੍ਹਾ ਰਹਿੰਦਾ ਹੈ ਤੇ ਬਦਬੂ ਕਾਰਨ ਲੋਕਾਂ ਦਾ ਘਰਾਂ ’ਚੋਂ ਨਿਕਲਣਾ ਮੁਸ਼ਕਿਲ ਹੈ। ਦੂਸ਼ਿਤ ਪਾਣੀ ਕਰਕੇ ਇਥੇ ਹਰ ਵੇਲੇ ਮੱਛਰਾਂ ਦੀ ਵੀ ਭਰਮਾਰ ਰਹਿੰਦੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸਕੂਲ ਜਾਣਾ ਤੇ ਖੇਡਾਂ ਮੁਸ਼ਕਿਲ ਹੋ ਗਿਆ ਹੈ ਤੇ ਕਈ ਲੋਕ ਤਿਲਕਣ ਕਰਕੇ ਜ਼ਖ਼ਮੀ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਇਲਾਕੇ ਦੀ ਗਲੀ ਨੰਬਰ-8 ਦੀ ਹਾਲਤ ਬਦ ਤੋਂ ਬਦਤਰ ਹੈ ਅਤੇ ਰੋਜ਼ਾਨਾ ਕੋਈ ਨਾ ਕੋਈ ਅਧਿਕਾਰੀ ਸਿਰਫ਼ ਲੋਕਾਂ ਦੇ ਦਰਦ ਵਿਚ ਸ਼ਰੀਕ ਹੋਣ ਹੀ ਆਉਂਦੇ ਹਨ ਪਰ ਕੋਈ ਹੱਲ ਨਹੀਂ ਕੀਤਾ ਜਾਂਦਾ। ਇਸ ਸਬੰਧੀ ਕਈ ਵਾਰ ਨਗਰ ਕੌਂਸਲ ਵਿੱਚ ਸ਼ਿਕਾਇਤ ਕੀਤੀ ਗਈ ਹੈ ਪਰ ਮਾਮਲਾ ਜਿਊਂ ਦਾ ਤਿਊਂ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿਚ ਇਸ ਇਲਾਕੇ ਦਾ ਹਾਲ ਹੋਰ ਵੀ ਮਾੜਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਇਲਾਕੇ ਦੀ ਹਾਲਤ ਨਹੀਂ ਸੁਧਰਦੀ ਉਦੋਂ ਤੱਕ ਉਹ ਕਾਂਗਰਸ ਜਾਂ ਕਿਸੇ ਵੀ ਰਾਜਨੀਤਕ ਨੁਮਾਇੰਦੇ ਨੂੰ ਵੋਟ ਨਹੀਂ ਪਾਉਣਗੇ। ਲੋਕਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਲੋਕ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਲਾਕੇ ਦੀ ਵਸਨੀਕ ਨਸੀਬ ਕੌਰ ਅਤੇ ਰਵਿੰਦਰ ਸਿੰਘ ਨੇ ਕਿਹਾ ਕਿ ਕੌਂਸਲਰ ਸੰਦੀਪ ਘਈ ਜਦੋਂ ਅਗਲੀ ਵਾਰ ਵੋਟ ਮੰਗਣ ਆਉਣਗੇ ਤਾਂ ਉਨ੍ਹਾਂ ਨੂੰ ਗੰਦੇ ਪਾਣੀ ਵਿਚ ਖੜ੍ਹੇ ਕਰਕੇ ਸਵਾਲ ਪੁੱਛੇ ਜਾਣਗੇ। ਇਸ ਮੌਕੇ ਐਡਵੋਕੇਟ ਰੁਪਿੰਦਰ ਕੌਰ ਨੇ ਇਲਾਕੇ ਦੀ ਸਥਿਤੀ ਬਹੁਤ ਗੰਭੀਰ ਹੈ। ਉਨ੍ਹਾਂ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ ਅਤੇ ਨਗਰ ਕੌਂਸਲ ਹੁਣ ਫੰਡ ਨਾ ਹੋਣ ਦੀ ਗੱਲ ਕਰ ਰਿਹਾ ਹੈ ਜਦੋਂ ਕਿ ਹੋਰ ਕਈ ਕੰਮਾਂ ਲਈ ਵੱਡੇ ਖਰਚ ਕੀਤੇ ਜਾ ਰਹੇ ਹਨ।
ਕੌਂਸਲ ਅਧਿਕਾਰੀ ਨਹੀਂ ਕਰ ਰਹੇ ਕਾਰਵਾਈ: ਕੌਂਸਲਰ
ਕੌਂਸਲਰ ਸੰਦੀਪ ਘਈ ਨੇ ਕਿਹਾ ਕਿ ਉਹ ਦੋ ਸਾਲਾਂ ਤੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਕਰ ਰਹੇ ਹਨ ਪਰ ਨਗਰ ਕੌਂਸਲ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ। ਇਸੇ ਤਰ੍ਹਾਂ ਨਗਰ ਕੌਂਸਲ ਦੀ ਸੈਨੇਟਰੀ ਸੁਪਰਵਾਈਜ਼ਰ ਸਵਿਤਾ ਜੋਸ਼ੀ ਨੇ ਕਿਹਾ ਕਿ ਸੀਵਰੇਜ ਲਾਈਨਾਂ ਦੀ ਡੀ-ਸਿਲਟਿੰਗ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਹੈ। ਇਸ ਸਬੰਧੀ ਕਈ ਵਾਰ ਚਿੱਠੀਆਂ ਭੇਜੀਆਂ ਗਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ।