DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੱਖ-ਵੱਖ ਸੰਸਥਾਵਾਂ ਵਿੱਚ ਗਣਤੰਤਰ ਦਿਵਸ ਮਨਾਇਆ

ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਬਾਰੇ ਦੱਸਿਆ; ਬੱਚਿਆਂ ਨੇ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ
  • fb
  • twitter
  • whatsapp
  • whatsapp
featured-img featured-img
ਖੰਨਾ ਸਥਿਤ ਗੁਲਜ਼ਾਰ ਕਾਲਜ ਦੇ ਵਿਦਿਆਰਥੀ ਗਣਤੰਤਰਤਾ ਦਿਵਸ ਮੌਕੇ ਪਰੇਡ ਕਰਦੇ ਹੋਏ।
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 27 ਜਨਵਰੀ

Advertisement

ਸ਼ਹਿਰ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਵਿੱਚ 76ਵਾਂ ਗਣਤੰਤਰ ਦਿਵਸ ਬਹੁਤ ਉਤਸਾਹ ਨਾਲ ਮਨਾਇਆ ਗਿਆ। ਇਸ ਤਹਿਤ ਸਰਕਾਰੀ ਕਾਲਜ ਈਸਟ ਵਿੱਚ ਪ੍ਰਿੰਸੀਪਲ ਪ੍ਰੋ. ਦੀਪਕ ਚੋਪੜਾ ਦੀ ਅਗਵਾਈ ਹੇਠ ਗਣਤੰਤਰ ਦਿਵਸ ਸਮਾਗਮ ਕਰਵਾਇਆ ਗਿਆ। ਮਾਸਟਰ ਤਾਰਾ ਸਿੰਘ ਕਾਲਜ ਵਿੱਚ ਬੀਸੀਏ ਵਿਭਾਗ ਦੇ ਮੁਖੀ ਕਰਨ ਮਦਾਨ ਅਤੇ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਮਨਪ੍ਰੀਤ ਕੌਰ ਨੇ ਗਣਤੰਤਰ ਦਿਵਸ ਦੀ ਅਗਵਾਈ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ।

ਸਮਰਾਲਾ (ਪੱਤਰ ਪ੍ਰੇਰਕ): ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿੱਚ ਗਣਤੰਤਰ ਦਿਵਸ ਕਰਨਵੀਰ ਸਿੰਘ, ਐੱਮਡੀ ਅੰਮ੍ਰਿਤਪਾਲ ਕੌਰ ਤੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਅਗਵਾਹੀ ਹੇਠ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕਰਦਿਆਂ ਕੀਤੀ ਗਈ ਤੇ ਮਗਰੋਂ ਪ੍ਰਭਾਵਸ਼ਾਲੀ ਰੰਗਾਰਗ ਪ੍ਰੋਗਰਾਮ ਕੀਤਾ ਗਿਆ। ਮੈਨੇਜਮੈਂਟ ਮੈਂਬਰਾਂ ਅਤੇ ਪ੍ਰਿੰਸੀਪਲ ਦੀ ਮੌਜੂਦਗੀ ਦੇ ਵਿੱਚ ਕੌਮੀ ਝੰਡਾ ਲਹਿਰਾਇਆ ਗਿਆ।

ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਗਣਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਭਰੇ ਗੀਤਾਂ ਤੇ ਡਾਂਸ ਪੇਸ਼ ਕਰਕੇ ਮਾਹੌਲ ਨੂੰ ਪੂਰੀ ਤਰ੍ਹਾਂ ਰੰਗਾਰੰਗ ਕਰ ਦਿੱਤਾ। ਇਸੇ ਤਰ੍ਹਾਂ ਏ.ਐੱਸ ਕਾਲਜ ਫ਼ਾਰ ਵਿਮੈੱਨ ’ਚ ਗਣਤੰਤਰਤਾ ਦਿਵਸ ਪ੍ਰਿੰਸੀਪਲ ਰਣਜੀਤ ਕੌਰ ਦੀ ਅਗਵਾਈ ਹੇਠ ਮਨਾਇਆ।

ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਇੱਥੇ ਅਨਾਜ ਮੰਡੀ ਵਿੱਚ 76ਵੇਂ ਗਣਤੰਤਰ ਦਿਵਸ ਮੌਕੇ ਐੱਸਡੀਐੱਮ ਰਾਏਕੋਟ ਸਿਮਰਦੀਪ ਸਿੰਘ ਨੇ ਦੇਸ਼ ਦੀ ਅਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਅਤੇ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਬਿਹਤਰ ਭਵਿੱਖ ਦੀ ਉਸਾਰੀ ਲਈ ਸੂਬਾ ਸਰਕਾਰ ਵੱਲੋਂ ਵਚਨਬੱਧਤਾ ਦੁਹਰਾਈ। ਮੁੱਖ ਮਹਿਮਾਨ ਸਿਮਰਦੀਪ ਸਿੰਘ ਨੇ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣ ਮਗਰੋਂ ਉਪ ਪੁਲੀਸ ਕਪਤਾਨ ਹਰਜਿੰਦਰ ਸਿੰਘ ਸਮੇਤ ਪਰੇਡ ਦਾ ਨਿਰੀਖਣ ਕੀਤਾ। ਇੱਥੇ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਸਾਹਮਣੇ ਕਾਂਗਰਸ ਦੇ ਸਿਰਕੱਢ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ ਦੀ ਅਗਵਾਈ ਵਿੱਚ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਤਿਰੰਗਾ ਲਹਿਰਾਉਣ ਦੀ ਰਸਮ ਤੇਲੂ ਰਾਮ ਬਾਂਸਲ ਨੇ ਨਿਭਾਈ ਤੇ ਹਲਕੇ ਦੇ ਹੋਰ ਕਾਂਗਰਸੀ ਆਗੂਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਕੌਂਸਲਰ ਵੀ ਹਾਜ਼ਰ ਸਨ।

ਮਾਛੀਵਾੜਾ (ਪੱਤਰ ਪ੍ਰੇਰਕ): ਨਗਰ ਕੌਂਸਲ ਮਾਛੀਵਾੜਾ ਵਿੱਚ 76ਵਾਂ ਗਣਤੰਤਰਤਾ ਦਿਵਸ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਨਗਰ ਕੌਂਸਲ ਦਫ਼ਤਰ ਦੇ ਵਿਹੜੇ ਵਿੱਚ ਕਰਵਾਏ ਗਹੇ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਸਾਂਝੇ ਰੂਪ ਵਿੱਚ ਅਦਾ ਕੀਤੀ। ਇਸ ਮੌਕੇ ਪੁਲੀਸ ਦੀ ਟੁਕੜੀ ਨੇ ਸਲਾਮੀ ਦਿੱਤੀ। ਸਕੂਲੀ ਬੱਚਿਆਂ ਨੇ ਰਾਸ਼ਟਰੀ ਗਾਨ ਗਾਇਆ। ਵਿਧਾਇਕ ਦਿਆਲਪੁਰਾ ਤੇ ਪ੍ਰਧਾਨ ਮੋਹਿਤ ਕੁੰਦਰਾ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਗਣਤੰਤਰਤਾ ਦਿਵਸ ਦੇ ਮਹੱਤਵ ਅਤੇ ਦੇਸ਼ ਦੇ ਸੰਵਿਧਾਨ ਸਬੰਧੀ ਜਾਣਕਾਰੀ ਦਿੱਤੀ। ਉਕਤ ਆਗੂਆਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਦੀ ਰਚਨਾ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ ਹਨ।

ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ: ਸ਼ਾਹੀ ਇਮਾਮ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਮੁਸਲਿਮ ਭਾਈਚਾਰੇ ਵੱਲੋਂ ਇਤਿਹਾਸਿਕ ਜਾਮਾ ਮਸਜਿਦ ਫੀਲਡ ਗੰਜ ਬਾਹਰ ਕੌਮੀ ਝੰਡਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਦਕਿ ਮੁਸਲਿਮ ਭਾਈਚਾਰੇ ਦੇ ਸੈਂਕੜੇ ਪ੍ਰਤੀਨਿਧਾਂ ਨੇ ਕੌਮੀ ਝੰਡੇ ਨੂੰ ਸਲਾਮੀ ਦੇਕੇ ਦੇਸ਼ ਦੀ ਰਾਖੀ ਲਈ ਇਕਜੁੱਟਤਾ ਨਾਲ ਕੰਮ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਹੁਣ ਵੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਬਹਾਲੀ ਲਈ ਪੁਰਜ਼ੋਰ ਯਤਨ ਕਰ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਕਰਦਾ ਰਹੇਗਾ।

ਆਕਸਫੋਰਡ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ

ਪਾਇਲ (ਪੱਤਰ ਪ੍ਰੇਰਕ): ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿੱਚ 76ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਭਾਸ਼ਣ ਰਾਹੀਂ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੈ ਕਪੂਰ ਤੇ ਬਾਕੀ ਕਮੇਟੀ ਮੈਂਬਰ ਮੌਜੂਦ ਰਹੇ। ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਕੋਰੀਓਗ੍ਰਾਫੀ ਤੇ ਹੋਰ ਵੰਨਗੀਆਂ ਪੇਸ਼ ਕੀਤੀਆਂ। ਬੱਚਿਆਂ ਨੇ ਦੇਸ਼ ਦੀ ਏਕਤਾ ਵਿੱਚ ਅਨੇਕਤਾ ਨੂੰ ਦਰਸਾਉਂਦਾ ਰਾਜਸਥਾਨੀ ‘ਝੂਮਰ’ ਵੀ ਪੇਸ਼ ਕੀਤਾ। ਪ੍ਰਿੰਸੀਪਲ ਵਿਜੈ ਕਪੂਰ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਮਗਰੋਂ ਵਿਦਿਆਰਥੀਆਂ ਨੇ ਮੈਕਡੌਨਲ ਦੋਰਾਹਾ ਵਿੱਚ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੰਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।

ਰਾਜਸਥਾਨੀ ਨਾਚ ਪੇਸ਼ ਕਰਦੇ ਹੋਏ ਆਕਸਫੋਰਡ ਸਕੂਲ ਦੇ ਬੱਚੇ। -ਫੋਟੋ: ਜੱਗੀ

ਪਾਇਲ ਵਿੱਚ ਐੱਸਡੀਐੱਮ ਬੈਂਸ ਨੇ ਕੌਮੀ ਝੰਡਾ ਲਹਿਰਾਇਆ

ਪਾਇਲ (ਪੱਤਰ ਪ੍ਰੇਰਕ): ਇੱਥੇ ਦਾਣਾ ਮੰਡੀ ਪਾਇਲ ਵਿੱਚ ਗਣਤੰਤਰ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਪਾਇਲ ਪ੍ਰਦੀਪ ਸਿੰਘ ਬੈਂਸ ਨੇ ਅਦਾ ਕੀਤੀ। ਇਸ ਮੌਕੇ ਜਸਟਿਸ ਮੀਨਾਕਸ਼ੀ ਮਹਾਜਨ, ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਨਵਜੋਤ ਸਿੰਘ ਤਿਵਾੜੀ ਤੇ ਏਪੀ ਜੱਲਾ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਪਾਇਲ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ ਤੇ ਪੰਜਾਬ ਪੁਲੀਸ, ਪੰਜਾਬ ਹੋਮ ਗਾਰਡਜ਼, ਐੱਨਸੀਸੀ ਕੈਡਿਟ, ਸਕਾਊਟਸ ਤੇ ਗਾਈਡਜ਼ ਤੋਂ ਇਲਾਵਾ ਬੈਂਡਾਂ ਦੀ ਟੁਕੜੀ ਤੋਂ ਸਲਾਮੀ ਲਈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਆਜ਼ਾਦੀ ਘੁਲਾਟੀਆਂ, ਪੁਲੀਸ ਤੇ ਫ਼ੌਜ ਵਿੱਚ ਸ਼ਹੀਦ ਹੋਏ ਸੂਰਬੀਰਾਂ ਦੇ ਪਰਿਵਾਰਾਂ ਤੋਂ ਇਲਾਵਾ ਆਪਣੀ ਡਿਊਟੀ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਤੇ ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਵੀ ਵੰਡੀਆਂ।

ਮਾਛੀਵਾੜਾ ਵਿੱਚ ਕੌਮੀ ਝੰਡਾ ਲਹਿਰਾਉਣ ਮੌਕੇ ਹਾਜ਼ਰ ਪਤਵੰਤੇ।
Advertisement
×