ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਇੱਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ ਸ਼ਾਮ ਸਮੇਂ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਡਾ. ਹਰੀ ਸਿੰਘ ਜਾਚਕ, ਭਾਈ ਰਛਪਾਲ ਸਿੰਘ ਪਾਲ, ਜ਼ਮੀਰ ਅਲੀ ਜ਼ਮੀਰ, ਭਾਈ ਕਰਮਜੀਤ ਸਿੰਘ ਨੂਰ ਆਦਿ ਨੇ ਜੋਸ਼ੀਲੀਆਂ ਕਵਿਤਾਵਾਂ ਨਾਲ ਸੰਗਤ ਵਿੱਚ ਜੋਸ਼ ਭਰਿਆ। ਇਸੇ ਤਰ੍ਹਾਂ ਦੂਜੇ ਦਿਨ ਦੀ ਸ਼ਾਮ ਨੂੰ ਕੀਰਤਨ ਅਤੇ ਕਥਾ ਉਪਰੰਤ ਢਾਡੀ ਸਰੂਪ ਸਿੰਘ ਕੰਡਿਆਣੇ ਵਾਲੇ ਦੇ ਜੱਥੇ ਨੇ ਕਰੀਬ ਦੋ ਘੰਟੇ ਢਾਡੀ ਵਾਰਾਂ ਤੇ ਇਤਿਹਾਸਿਕ ਲੈਕਚਰ ਰਾਹੀ ‘ਚਾਂਦਨੀ ਚੌਕ ਤੋਂ ਆਨੰਦਪੁਰ ਸਾਹਿਬ ਦਾ ਇਤਿਹਾਸ’ ਸੁਣਾ ਕੇ ਸੰਗਤ ਨੂੰ ਜੈਕਾਰੇ ਗੂੰਜਾਉਣ ਲਾ ਦਿੱਤਾ। ਇਸ ਮੌਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਨਾਲ ਨਾਲ ਭਾਈ ਦਿਆਲਾ ਜੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਗਿਆ। ਇਸ ਮੌਕੇ ਮਾ. ਇੰਦਰ ਸਿੰਘ ਦਲਜੀਤ ਸਿੰਘ ਪੱਪੂ, ਭੁਪਿੰਦਰ ਸਿੰਘ ਓਬਰਾਏ, ਜਗਜੀਵਨਪਾਲ ਸਿੰਘ ਗਿੱਲ, ਹਰਮਿੰਦਰ ਸਿੰਘ ਖਾਲਸਾ, ਰਾਜਿੰਦਰ ਸਿੰਘ ਖਾਲਸਾ ਤੇ ਇਲਾਕੇ ਦੀਆਂ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
ਸ਼ਹੀਦੀ ਪੁਰਬ ਸਬੰਧੀ ਗਤੀਵਿਧੀਆਂ ਕਰਵਾਈਆਂ
ਲੁਧਿਆਣਾ (ਖੇਤਰੀ ਪ੍ਰਤੀਨਿਧ): ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜ਼ੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਅਜੀਤ ਕੌਰ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ਼ ਬਹਾਦਰ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਇਸ ਮਹੀਨੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਕੁਇਜ਼, ਸ਼ਬਦ ਗਾਇਨ, ਕਾਵਿ ਉਚਾਰਨ, ਭਾਸ਼ਣ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਲੈਕਚਰ ਮੁਕਾਬਲੇ ਕਰਵਾਏ ਗਏ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਸਹਿਯੋਗ ਨਾਲ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਸਰਕਲ ਦੇ ਚੀਫ ਆਰਗੇਨਾਈਜ਼ਰ ਬ੍ਰਿਜਿੰਦਰ ਪਾਲ ਸਿੰਘ ਅਤੇ ਜ਼ੋਨਲ ਸਕੱਤਰ ਜਸਪਾਲ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਬਿੰਦਰ ਕੌਰ ਮੌਜੂਦ ਸਨ। ਇਸ ਦੌਰਾਨ ਆਰੀਆ ਕਾਲਜ, ਲੁਧਿਆਣਾ ਦੀਆਂ ਐੱਨ ਐੱਸ ਐੱਸ ਯੂਨਿਟਾਂ ਅਤੇ ਐੱਨ ਸੀ ਸੀ ਵਿੰਗ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਬੰਧੀ ਇੱਕ ਪ੍ਰੇਰਨਾਦਾਇਕ ਭਾਸ਼ਣ ਕਰਵਾਇਆ। ਇਸ ਸਮਾਗਮ ਦਾ ਉਦੇਸ਼ ਗੁਰੂ ਤੇਗ ਬਹਾਦਰ ਜੀ ਦੀ ਸਰਵਉੱਚ ਕੁਰਬਾਨੀ ਦਾ ਸਨਮਾਨ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਸਹਾਇਕ ਪ੍ਰੋਫੈਸਰ ਸੰਦੀਪ ਸਿੰਘ ਹੁੰਦਲ ਦੇ ਭਾਸ਼ਣ ਨਾਲ ਹੋਈ। ਇਸ ਵਿੱਚ ਵਿਦਿਆਰਥੀਆਂ, ਐੱਨ ਐੱਸ ਐੱਸ ਵਾਲੰਟੀਅਰਾਂ ਅਤੇ ਐੱਨ ਸੀ ਸੀ ਕੈਡੇਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਨੇ ਐੱਨ ਐੱਸ ਐੱਸ ਯੂਨਿਟ ਅਤੇ ਐੱਨ ਸੀ ਸੀ ਵਿੰਗ ਦੇ ਇਹ ਪ੍ਰੋਗਰਾਮ ਕਰਵਾਉਣ ਅਤੇ ਬੁਲਾਰੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਡੂੰਘੀਆਂ ਸੂਝਾਂ ਨੂੰ ਸਵੀਕਾਰ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।

