ਪਾਣੀ ਬਚਾਉਣ ਲਈ ਨਹਿਰਾਂ ਤੇ ਦਰਿਆਵਾਂ ’ਤੇ ਰੀਚਾਰਜ ਖੂਹ ਤੁਰੰਤ ਬਣਾਏ ਜਾਣ: ਲੱਖੋਵਾਲ
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੌਰੀ ਤੌਰ ’ਤੇ ਨਹਿਰਾਂ ਅਤੇ ਦਰਿਆਵਾਂ ਤੇ ਰੀਚਾਰਜ ਖੂਹ (ਬੋਰ) ਕੀਤੇ ਜਾਣ ਤਾਂ ਜੋ ਜਿਹੜਾ ਮੀਂਹ ਦਾ ਸਾਫ਼ ਪਾਣੀ ਅਜਾਈਂ ਜਾ ਰਿਹਾ ਹੈ ਉਸ ਤੇ ਕਾਬੂ ਪਾਇਆ ਜਾ ਸਕੇ ਅਤੇ ਹੜਾਂ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ।
ਅੱਜ ਇੱਥੇ ਸ੍ਰੀ ਲੱਖੋਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਪਾਣੀਆਂ ਲਈ ਲੜਾਈ ਲੜਦੀ ਆ ਰਹੀ ਹੈ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵਾਰ-ਵਾਰ ਮੰਗ ਪੱਤਰਾਂ ਰਾਹੀ ਇਹ ਯਾਦ ਵੀ ਕਰਵਾਉਂਦੀ ਰਹੀ ਹੈ ਕਿ ਸੂਬੇ ਦਾ ਪਾਣੀ ਦਿਨੋਂ ਦਿਨ ਥੱਲੇ ਜਾ ਰਿਹਾ ਹੈ,ਜਿਸ ਨਾਲ ਹਰ ਸਾਲ ਬੋਰ ਡੂੰਘੇ ਹੋ ਰਹੇ ਹਨ ਤੇ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ ਜਿਸ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕੇ ਜਾਣ। ਪਰ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਜਿਹੜਾ ਸਾਡਾ ਪਾਣੀ ਪਾਕਿਸਤਾਨ ਨੂੰ ਵਾਧੂ ਜਾ ਰਿਹਾ ਹੈ ਇਸ ਨੂੰ ਇੱਕ ਹੋਰ ਨਹਿਰ ਕੱਢਕੇ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ ਅਤੇ ਜਿਹੜੀ ਨਹਿਰ ਦੋਆਬੇ ਵਿੱਚ ਬੰਦ ਪਈ ਹੈ ਉਸ ਨੂੰ ਵੀ ਫੌਰੀ ਤੌਰ ’ਤੇ ਚਾਲੂ ਕਰਕੇ ਖੇਤਾਂ ਨੂੰ ਪਾਣੀ ਪਹੁੰਚਾਇਆ ਜਾਵੇ।