ਇਥੇ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿੱਚ ਅੱਜ ‘ਅੰਤਰ ਸਕੂਲ ਮੁਕਾਬਲੇ’ ਕਰਵਾਏ ਗਏ। ਪ੍ਰੋਗਰਾਮ ਵਿੱਚ ਪਹੁੰਚੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ. ਰਣਜੋਧ ਸਿੰਘ , ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ, ਅਵਤਾਰ ਸਿੰਘ ਭੋਗਲ, ਗੁਰਮੀਤ ਸਿੰਘ ਕੁਲਾਰ ਅਤੇ ਵਿਸ਼ੇਸ ਮਹਿਮਾਨ ਡਾ. ਬੀ ਐੱਸ ਸ਼ਾਹ ਤੇ ਡਾ. ਸਤੀਸ਼ ਸ਼ਰਮਾ ਦਾ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਨਿੱਘਾ ਸਵਾਗਤ ਕੀਤਾ।
ਮੁਕਾਬਲਿਆਂ ਦੀ ਸ਼ੁਰੂਆਤ ਮੌਕੇ ਕਾਲਜ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕੀਤਾ। ਪ੍ਰੋਗਰਾਮ ਵਿੱਚ ਕਾਵਿ ਉਚਾਰਣ , ਲੋਕ ਗੀਤ, ਡਾਂਸ, ਭਾਸ਼ਣ ਪ੍ਰਤੀਯੋਗਤਾ, ਕੇਸ ਅਧਾਰਿਤ ਗਰੁੱਪ ਡਿਸਕਸ਼ਨ ਮੁਕਾਬਲਾ, ਸਿਰ ਗੁੰਦਣ, ਮਹਿੰਦੀ ਰਚਾਉਣ, ਅੱਗ ਤੋਂ ਬਿਨਾਂ ਖਾਣਾ ਪਕਾਉਣਾ, ਕਾਮਰਸ ਕੁਇਜ਼, ਸਿਰਜਨਾਤਮਕ ਲੇਖਣ ਮੁਕਾਬਲਾ, ਪੋਸਟਰ ਮੇਕਿੰਗ , ਨੇਲ ਆਰਟ ਅਤੇ ਸੁੰਦਰ ਲਿਖਾਈ ਆਦਿ ਨਾਲ ਸਬੰਧਤ 18 ਵੱਖ-ਵੱਖ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਸਾਰੇ ਮੈਂਬਰ ਅਤੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਮੈਨੇਜਮੈਂਟ ਮੈਂਬਰਾਂ ਨੇ ਸ਼ਿਰਕਤ ਕੀਤੀ। ਰਾਮਗੜ੍ਹੀਆ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਪ੍ਰਤੀਯੋਗੀਆਂ ਦੇ ਉਤਸ਼ਾਹ ਨੂੰ ਵਧਾਉਂਦੇ ਹੋਏ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਸਾਡੇ ਸਾਹਮਣੇ ਕੀਤਾ। ਅਜਿਹੇ ਮੁਕਾਬਲੇ ਜਿੱਥੇ ਇੱਕ ਪਾਸੇ ਬੱਚਿਆਂ ਦੀ ਕਲਾ ਨੂੰ ਉਜਾਗਰ ਕਰਦੇ ਹਨ ਉੱਥੇ ਦੂਜੇ ਪਾਸੇ ਇਹ ਉਨ੍ਹਾਂ ਦੀ ਸਖ਼ਸ਼ੀਅਤ ਨੂੰ ਨਿਖਾਰਦੇ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਂਦੇ ਹਨ। ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਕਿਹਾ ਕਿ ਜੀਵਨ ਵਿੱਚ ਅੱਗੇ ਵਧਣ ਲਈ ਸਾਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਹਨਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਕਾਲਜ ਵੱਲੋਂ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਪ੍ਰਿੰਸੀਪਲ ਸਾਹਿਬਾਨ ਅਤੇ ਪ੍ਰਬੰਧਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਰਾਮਗੜ੍ਹੀਆ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਨੇ ਅੰਤਰ ਸਕੂਲ ਮੁਕਾਬਲੇ ਦੀ ਓਵਰਆਲ ਟਰਾਫੀ ਜਿੱਤੀ ।

