ਪਾਵਰਕੌਮ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਰੈਲੀਆਂ ਅੱਜ
ਸੰਘਰਸ਼ ਦੀ ਅਗਲੀ ਰਣਨੀਤੀ ਲਈ 12 ਨੂੰ ਹੋਵੇਗੀ ਸਾਂਝੀ ਹੰਗਾਮੀ ਮੀਟਿੰਗ
‘ਆਪ’ ਸਰਕਾਰ ਵੱਲੋਂ ਪਾਵਰਕੌਮ ਦੀਆਂ ਬਹੁਤ ਕੀਮਤੀ ਜਾਇਦਾਦਾਂ ਵੇਚਣ ਦੀ ਵਿਉਂਤਬੰਦੀ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਭਲਕੇ 9 ਅਕਤੂਬਰ ਨੂੰ ਸਮੁੱਚੇ ਪੰਜਾਬ ਵਿੱਚ ਡਵੀਜ਼ਨ ਪੱਧਰ ਤੇ ਰੋਸ ਰੈਲੀਆਂ ਕਰਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੀ ਇਸ ਲੋਕ, ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪਾਵਰਕੌਮ ਦੀਆਂ ਸੰਘਰਸ਼ਸ਼ੀਲ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਦੀ ਅੱਜ ਇੱਥੇ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੰਗਾਮੀ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਹੈ।
ਮੀਟਿੰਗ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ 12 ਅਕਤੂਬਰ ਨੂੰ ਲੁਧਿਆਣਾ ਵਿੱਚ ਹੰਗਾਮੀ ਮੀਟਿੰਗ ਸੱਦਣ ਦਾ ਐਲਾਨ ਵੀ ਕੀਤਾ ਜਿਸ ਵਿੱਚ ਅਗਲੇ ਐਕਸ਼ਨ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਸਰਬਜੀਤ ਸਿੰਘ ਭਾਣਾ, ਸਰਿੰਦਰ ਪਾਲ ਲਹੌਰੀਆ, ਬਲਜੀਤ ਸਿੰਘ ਮੋਦਲਾ, ਦਵਿੰਦਰ ਸਿੰਘ ਪਿਸੋਰ, ਤਜਿੰਦਰ ਸਿੰਘ ਸੇਖੋਂ, ਜਸਬੀਰ ਸਿੰਘ ਆਂਡਲੂ, ਹਰਮਨਦੀਪ, ਰਾਧੇਸ਼ਿਆਮ, ਬਾਬਾ ਅਮਰਜੀਤ ਸਿੰਘ, ਦਲੀਪ ਕੁਮਾਰ, ਰਘਬੀਰ ਸਿੰਘ, ਰਛਪਾਲ ਸਿੰਘ ਪਾਲੀ, ਜਸਵਿੰਦਰ ਸਿੰਘ, ਪਵਨਪ੍ਰੀਤ ਸਿੰਘ ਅਤੇ ਗੁਰਪਿਆਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਝੋਨੇ ਦੀ ਪਰਾਲੀ ਨੂੰ ਸਾੜੇ ਜਾਣ ਤੋਂ ਰੋਕਣ ਲਈ ਧੱਕੇ ਨਾਲ ਲਗਾਈਆਂ ਡਿਊਟੀਆਂ ਨਾਂ ਕੱਟੀਆਂ ਗਈਆਂ ਤਾਂ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਵੀ ਸੰਘਰਸ਼ਾਂ ਰਾਹੀਂ ਦਿੱਤਾ ਜਾਵੇਗਾ।