ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਚ ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ ਦੀ ਕਬੱਡੀ ਸਰਕਲ ਸਟਾਈਲ ਅੰਡਰ-19 ਲੜਕੀਆਂ ਦੀ ਟੀਮ ਨੇ ਜ਼ਿਲ੍ਹਾ ਲੁਧਿਆਣਾ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਬੱਲੇ ਬੱਲੇ ਕਰਵਾਈ। ਜਿੱਥੇ ਇਨ੍ਹਾਂ ਖਿਡਾਰੀਆਂ ਨੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉੱਥੇ ਪੂਰੇ ਜ਼ਿਲ੍ਹੇ ਵਿੱਚ ਆਪਣੀ ਖੇਡ ਦਾ ਲੋਹਾ ਵੀ ਮਨਵਾਇਆ ਅਤੇ ਪੰਜਾਬ ਪੱਧਰ ਤੇ ਖੇਡਣ ਲਈ ਯੋਗਤਾ ਹਾਸਲ ਕੀਤੀ। ਪੰਜਾਬ ਦੀ ਟੀਮ ਵਿੱਚ ਚਾਰ ਵਿਦਿਆਰਥਣਾਂ ਲਭਪ੍ਰੀਤ ਕੋਰ ਪੁੱਤਰੀ ਜਗਤਾਰ ਸਿੰਘ ਪਿੰਡ ਨਸਰਾਲੀ, ਰੌਜਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਪਿੰਡ ਜਰਗੜ੍ਹੀ, ਅੰਜਲੀ ਪੁੱਤਰੀ ਬਲਵਿੰਦਰ ਸਿੰਘ ਪਿੰਡ ਕਪੂਰਗੜ੍ਹ ਅਤੇ ਸਿਮਰਨਜੀਤ ਕੌਰ ਪੁੱਤਰੀ ਗੁਰਜੰਟ ਸਿੰਘ ਪਿੰਡ ਜਰਗ ਨੂੰ ਉਚੇਚੇ ਤੌਰ ’ਤੇ ਚੁਣਿਆ ਗਿਆ। ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਲੁਧਿਆਣਾ ਵੱਲੋਂ ਇਸ ਪੂਰੀ ਟੀਮ ਨੂੰ ਸਿਲਵਰ ਮੈਡਲ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਫਲਤਾ ਦਾ ਸਿਹਰਾ ਕੋਚ ਜਸਵੀਰ ਕੌਰ ਦੀ ਰਹਿਨੁਮਾਈ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਸਿਰ ਬੱਝਦਾ ਹੈ। ਇੱਥੇ ਵਰਨਣਯੋਗ ਹੈ ਕਿ
ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ ਦੇ ਵਿਦਿਆਰਥੀ ਹਮੇਸ਼ਾ ਹੀ ਜਿੱਥੇ ਧਾਰਮਿਕ , ਸੱਭਿਆਚਾਰਕ ਅਤੇ ਵਿੱਦਿਅਕ ਖੇਤਰਾਂ ਵਿੱਚ ਮੱਲਾਂ ਮਾਰਦੇ ਹਨ ਉੱਥੇ ਖੇਡਾਂ ਦੇ ਖੇਤਰਾਂ ਵਿੱਚ ਵੀ ੳੇੁੱਚ ਪੱਧਰੀਆਂ ਪ੍ਰਾਪਤੀਆਂ ਕਰਦੇ ਹਨ। ਜੇਤੂ ਟੀਮ ਦਾ ਸਕੂਲ ਪੁੱਜਣ ’ਤੇ ਸਮੂਹ ਪ੍ਰਬੰਧਕ ਕਮੇਟੀ, ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਕੋਚ ਜਸਵੀਰ ਕੌਰ ਤੇ ਜਿੱਤਣ ਵਾਲੀ ਟੀਮ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ ਮੰਡੇਰ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਕੋਚ ਜਸਵੀਰ ਕੌਰ ਮੰਡੇਰ, ਜਗਜੀਤ ਸਿੰਘ ਸਿਰਥਲਾ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਰੁਚਿਕਾ ਰਾਣੀ ਆਦਿ ਸਟਾਫ ਅਤੇ ਖਿਡਾਰੀ ਹਾਜ਼ਰ ਸਨ।