ਮੀਂਹ ਨੇ ਲੁਧਿਆਣਾ ਦੀਆਂ ਸੜਕਾਂ ਦੀ ਹਾਲਤ ਵਿਗਾੜੀ
ਦੇਸ਼ ਦੇ ਵਪਾਰਕ ਹੱਬ ਵਜੋਂ ਮਸ਼ਹੂਰ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਦਿਨਾਂ ਦੌਰਾਨ ਉਪਰਥਲੀ ਪਏ ਮੀਹਾਂ ਨੇ ਸੜਕਾਂ ਦੀ ਹਾਲਤ ਖਸਤਾ ਕਰ ਦਿੱਤੀ ਹੈ। ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਪਏ ਡੂੰਘੇ ਅਤੇ ਚੌੜੇ ਟੋਇਆਂ ਕਰ ਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਲੁਧਿਆਣਾ ਵਿੱਚ ਮੰਗਲਵਾਰ ਸਾਰਾ ਦਿਨ ਅਤੇ ਬੁੱਧਵਾਰ ਸੇਵੇਰ ਸਮੇਂ ਆਏ ਮੀਂਹ ਦਾ ਪਾਣੀ ਸੜਕਾਂ ’ਤੇ ਖੜ੍ਹਾ ਹੋਣ ਨਾਲ ਸੜਕਾਂ ਦੀ ਹਾਲਤ ਖਸਤਾ ਬਣ ਗਈ ਹੈ। ਇੱਥੋਂ ਦੇ ਦੀਪਕ ਸਿਨੇਮਾ ਰੋਡ, ਬੀਐੱਸਐੱਨਐੱਲ ਦਫ਼ਤਰ ਵਾਲੀ ਸੜਕ, ਕੀ ਹੋਟਲ ਨੇੜੇ, ਸਮਰਾਲਾ ਚੌਕ, ਲੁਧਿਆਣਾ-ਚੰਡੀਗੜ੍ਹ ਰੋਡ, ਸ਼ਿੰਗਾਰ ਸਿਨੇਮਾ ਦੇ ਨੇੜੇ, ਗਊਸ਼ਾਲਾ ਰੋਡ, ਤਾਜਪੁਰ ਰੋਡ, ਟ੍ਰਾਂਸਪੋਰਟ ਨਗਰ, ਮੋਤੀ ਨਗਰ ਦੀਆਂ ਸੜਕਾਂ ’ਤੇ ਡੂੰਘੇ ਅਤੇ ਚੌੜੇ ਟੋਏ ਦੇਖੇ ਜਾ ਸਕਦੇ ਹਨ। ਥੋੜ੍ਹਾ ਜਿਹਾ ਹੀ ਮੀਂਹ ਨਾਲ ਇਹ ਟੋਏ ਪਾਣੀ ਨਾਲ ਭਰ ਜਾਂਦੇ ਅਤੇ ਦਿਖਾਈ ਨਾ ਦੇਣ ਕਰਕੇ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਮੀਂਹ ਤੋਂ ਬਾਅਦ ਵੀ ਕਈ ਕਈ ਦਿਨ ਇਹ ਟੋਏ ਪਾਣੀ ਨਾਲ ਭਰੇ ਰਹਿੰਦੇ ਹਨ।
ਦੂਜੇ ਪਾਸੇ ਇਨ੍ਹਾਂ ਟੋਇਆਂ ਵਿੱਚੋਂ ਨਿੱਕਲ ਕੇੇ ਆਲੇ-ਦੁਆਲੇ ਖਿਲਰੀ ਬਜ਼ਰੀ ਦੋ-ਪਹੀਆ ਅਤੇ ਈ-ਰਿਕਸ਼ਾ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਸ਼ਹਿਰ ਅਤੇ ਆਸ-ਪਾਸ ਦੀ ਸ਼ਾਇਦ ਹੀ ਕੋਈ ਅਜਿਹੀ ਸੜ੍ਹਕ ਹੋਵੇਗੀ ਜਿੱਥੇ ਮੀਂਹ ਕਾਰਨ ਨੁਕਸਾਨ ਨਾ ਹੋਇਆ ਹੋਵੇ। ਭਾਵੇਂ ਆਮ ਲੋਕਾਂ ਅਤੇ ਕਿਤੇ ਕਿਤੇ ਪ੍ਰਸਾਸ਼ਨ ਵੱਲੋਂ ਅਜਿਹੇ ਟੋਇਆਂ ਨੂੰ ਮਿੱਟੀ ਅਤੇ ਰੋੜਿਆਂ ਨਾਲ ਪੂਰ ਦਿੱਤਾ ਜਾਂਦਾ ਹੈ ਪਰ ਮੀਂਹ ਪੈਣ ਨਾਲ ਇਹ ਦੁਬਾਰਾ ਪਹਿਲਾਂ ਵਾਲੇ ਰੂਪ ਵਿੱਚ ਦਿਖਾਈ ਦੇਣ ਲੱਗਦੇ ਹਨ। ਇੰਨਾਂ ਟੋਇਆਂ ਕਰਕੇ ਵਪਾਰਕ ਹੱਬ ਵਜੋਂ ਮਸ਼ਹੂਰ ਲੁਧਿਆਣਾ ਦੀਆਂ ਕਈ ਸੜਕਾਂ ’ਤੇ ਟ੍ਰੈਫਿਕ ਵੀ ਕੀੜੀ ਦੀ ਚਾਲ ਚੱਲਦਾ ਦੇਖਿਆ ਜਾ ਸਕਦਾ ਹੈ।