DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੰਡੀ ਅਹਿਮਦਗੜ੍ਹ ਵਾਸੀਆਂ ਲਈ ਆਫ਼ਤ ਬਣਿਆ ਮੀਂਹ ਦਾ ਪਾਣੀ

ਪੱਤਰ ਪ੍ਰੇਰਕ ਮੰਡੀ ਅਹਿਮਦਗੜ੍ਹ, 6 ਜੁਲਾਈ ਗਰਮੀ ਦੇ ਕਹਿਰ ਤੋਂ ਬਾਅਦ ਪੈ ਰਹੇ ਮੀਂਹ ਭਾਵੇਂ ਆਮ ਲੋਕਾਂ ਲਈ ਰਾਹਤ ਸਾਬਤ ਹੋ ਰਹੇ ਹਨ ਪਰ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡ ਰਹੀ ਰੇਲਵੇ ਰੋਡ ਦੇ ਦੋਵੇਂ ਪਾਸੇ ਨੀਵੇਂ ਮੁਹੱਲਿਆਂ ਦੇ ਵਸਨੀਕਾਂ...
  • fb
  • twitter
  • whatsapp
  • whatsapp
featured-img featured-img
ਅਹਿਮਦਗੜ੍ਹ ਦੇ ਯਸ਼ ਪੇਂਟਰ ਮੁਹੱਲੇ ਵਿੱਚ ਇਕੱਠਾ ਹੋਇਆ ਮੀਂਹ ਦਾ ਪਾਣੀ।
Advertisement

ਪੱਤਰ ਪ੍ਰੇਰਕ

ਮੰਡੀ ਅਹਿਮਦਗੜ੍ਹ, 6 ਜੁਲਾਈ

Advertisement

ਗਰਮੀ ਦੇ ਕਹਿਰ ਤੋਂ ਬਾਅਦ ਪੈ ਰਹੇ ਮੀਂਹ ਭਾਵੇਂ ਆਮ ਲੋਕਾਂ ਲਈ ਰਾਹਤ ਸਾਬਤ ਹੋ ਰਹੇ ਹਨ ਪਰ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡ ਰਹੀ ਰੇਲਵੇ ਰੋਡ ਦੇ ਦੋਵੇਂ ਪਾਸੇ ਨੀਵੇਂ ਮੁਹੱਲਿਆਂ ਦੇ ਵਸਨੀਕਾਂ ਲਈ ਤਾਂ ਪਹਿਲੀ ਬਾਰਿਸ਼ ਹੀ ਆਫ਼ਤ ਬਣ ਆਈ ਹੈ। ਯੱਸ਼ ਪੇਂਟਰ ਵਾਲਾ ਮੁਹੱਲਾ, ਹਨੂਮਾਨ ਮੰਦਰ ਏਰੀਆ, ਬੱਤਾ ਬਾਗ, ਜਵਾਹਰ ਨਗਰ , ਥਾਣਾ ਰੋਡ, ਗੱਲਾ ਮੰਡੀ ਅਤੇ ਜਨਤਾ ਕਾਲਜ ਰੋਡ ਉਨ੍ਹਾਂ ਮੁਹੱਲਿਆਂ ਵਿੱਚ ਦੱਸੇ ਗਏ ਜਿਨ੍ਹਾਂ ਦੇ ਵਸਨੀਕਾਂ ਨੂੰ ਵਿਕਾਸ ਦੇ ਨਾਂ ’ਤੇ ਮੁੱਖ ਸੜਕ ’ਤੇ ਇੰਟਰ ਲਾਕ ਟਾਈਲਾਂ ਦੇ ਹੋਏ ਕੰਮ ਦਾ ਸੰਤਾਪ ਹਮੇਸ਼ਾ ਲਈ ਭੋਗਣਾ ਪੈਣਾ ਹੈ। ਭਾਵੇਂ ਸੂਬੇ ਵਿੱਚ ਰਾਜ ਭਾਗ ਦੇ ਬਦਲਾਅ ਅਤੇ ਨਗਰ ਕੌਂਸਲ ਦੀਆਂ ਅਹੁਦੇਦਾਰੀਆਂ ਵਿੱਚ ਆਈਆਂ ਤਬਦੀਲੀਆਂ ਕਾਰਨ ਉਕਤ ਵਾਰਡਾਂ ਦੇ ਕੌਂਸਲਰਾਂ ਦੀਆਂ ਹੁਣ ਸੁਰਾਂ ਬਦਲੀਆਂ ਹੋਈਆਂ ਹਨ ਪਰ ਕਾਂਗਰਸ ਸਰਕਾਰ ਦੌਰਾਨ ਇਹ ਕੌਂਸਲਰ ਉਸ ਵੇਲੇ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਸਮੇਤ ਕੌਂਸਲ ਅਹੁਦੇਦਾਰਾਂ ਤੇ ਅਧਿਕਾਰੀਆਂ ਵਿਰੁੱਧ ਧਰਨੇ ਪ੍ਰਦਰਸ਼ਨ ਵੀ ਕਰਦੇ ਰਹੇ ਹਨ। ਭਾਵੇਂ ਦੇਖਣ ਨੂੰ ਸਿਰਫ਼ ਨੀਵੇਂ ਮੁਹੱਲਿਆਂ ਦੇ ਵਸਨੀਕ ਮੀਂਹ ਅਤੇ ਸਿਵਰੇਜ ਓਵਰਫਲੋ ਕਾਰਨ ਘਰਾਂ ਅੰਦਰ ਵੜਨ ਵਾਲੇ ਗੰਦੇ ਪਾਣੀ ਤੋਂ ਔਖੇ ਹਨ ਪਰ ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਕੌਂਸਲ ਅਧਿਕਾਰੀਆਂ ਦੀਆਂ ਗਲਤੀਆਂ ਦਾ ਖਮਿਆਜ਼ਾ ਸਾਰੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਦੌਰਾਨ ਜਦੋਂ ਰੇਲਵੇ ਰੋਡ ਸਮੇਤ ਸ਼ਹਿਰ ਦੀਆਂ ਕਈ ਹੋਰ ਸੜਕਾਂ ਦੀ ਮੁਰੰਮਤ ਜਾਂ ਮੁੜ ਉਸਾਰੀ ਹੋਣੀ ਸੀ ਤਾਂ ਲੋਕਾਂ ਵਿੱਚ ਇੰਟਰਲਾਕ ਟਾਈਲਾਂ ਦੇ ਲੱਗਣ ਦਾ ਬੜਾ ਚਾਅ ਸੀ। ਭਾਵੇਂ ਕੌਂਸਲ ਅਧਿਕਾਰੀ ਇੰਟਰਲਾਕ ਟਾਈਲ ਦਾ ਕੰਮ ਕਰਵਾਉਣ ਤੋਂ ਕਈ ਕਾਰਨਾਂ ਕਰਕੇ ਹਿਚਕਚਾਉਂਦੇ ਸਨ ਪਰ ਕਥਿਤ ਤੌਰ ‘ਤੇ ਸ਼ਹਿਰ ਤੋਂ ਲੰਮੀ ਦੂਰੀ ‘ਤੇ ਸਥਿੱਤ ਕਾਂਗਰਸ ਪਾਰਟੀ ਨਾਲ ਨੇੜਤਾ ਰੱਖਣ ਵਾਲੀ ਇੱਕ ਇੰਟਰਲਾਕ ਟਾਈਲ ਫੈਕਟਰੀ ਨੂੰ ਲਾਹਾ ਪਹੁੰਚਾਉਣ ਲਈ ਘਟੀਆ ਮਿਆਰ ਦੀਆਂ ਟਾਈਲਾਂ ਲਗਾਉਣੀਆਂ ਪਈਆਂ।

ਕੀ ਕਹਿੰਦੇ ਹਨ ਅਧਿਕਾਰੀ

ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਨੇ ਮੰਨਿਆ ਕਿ ਸ਼ਹਿਰ ਦੇ ਕੁੱਝ ਇਲਾਕਿਆਂ ਵਿੱਚ ਮੀਂਹ ਵਾਲੇ ਪਾਣੀ ਦੇ ਨਿਕਾਸੀ ਦੀ ਸਮੱਸਿਆ ਤਕਨੀਕੀ ਕਾਰਨਾਂ ਕਰਕੇ ਨੋਟ ਕੀਤੀ ਗਈ ਹੈ ਜਿਸ ਨੂੰ ਡਿਸਪੋਜ਼ਲ ਪੰਪਾਂ ਦੀ ਮਦਦ ਨਾਲ ਦੂਰ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਤਕਨੀਕੀ ਅਧਿਕਾਰੀਆਂ ਨੂੰ ਵੀ ਇਸ ਸਮੱਸਿਆ ਦਾ ਪੱਕਾ ਹੱਲ ਲੱਭਣ ਲਈ ਕਿਹਾ ਗਿਆ ਹੈ।

Advertisement
×