ਸਤਵਿੰਦਰ ਬਸਰਾ
ਲੁਧਿਆਣਾ, 5 ਜੁਲਾਈ
ਸ਼ਨਿੱਚਰਵਾਰ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੰਘਣੀ ਬੱਦਲਵਾਈ ਰਹੀ ਜਦਕਿ ਦੁਪਹਿਰ ਬਾਅਦ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲਦੀ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਲੁਧਿਆਣਾ ਵਿੱਚ ਤਾਪਮਾਨ 36 ਤੋਂ 37 ਡਿਗਰੀ ਸੈਲਸੀਅਸ ਚੱਲ ਰਿਹਾ ਸੀ। ਮੀਂਹ ਤੋਂ ਬਾਅਦ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਹੇਠਾਂ ਆ ਗਿਆ।
ਪਿਛਲੇ ਦੋ-ਤਿੰਨ ਦਿਨ ਤੋਂ ਲੁਧਿਆਣਾ ਵਿੱਚ ਲਗਾਤਾਰ ਗਰਮੀ ਵਧ ਰਹੀ ਸੀ। ਸ਼ਨਿੱਚਰਵਾਰ ਸਵੇਰ ਸਮੇਂ ਤੋਂ ਹੀ ਸੰਘਣੀ ਬੱਦਲਵਾਈ ਹੋ ਗਈ ਸੀ। ਇਸ ਦੌਰਾਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਦੁਪਹਿਰ ਬਾਅਦ ਤੇਜ਼ ਮੀਂਹ ਪਿਆ ਜਦਕਿ ਕਈ ਇਲਾਕੇ ਬਿਲਕੁਲ ਸੁੱਕੇ ਰਹਿ ਗਏ। ਇੱਥੋਂ ਦੇ ਤਾਜਪੁਰ ਰੋਡ, ਟਿੱਬਾ ਰੋਡ, ਬਸਤੀ ਜੋਧੇਵਾਲ, ਜਲੰਧਰ ਬਾਈਪਾਸ ਤੋਂ ਬਾਅਦ ਫਿਲੌਰ ਤੱਕ ਵੀ ਤੇਜ਼ ਮੀਂਹ ਪਿਆ। ਕਰੀਬ ਇੱਕ ਘੰਟਾਂ ਪਏ ਮੀਂਹ ਨਾਲ ਇੰਨਾਂ ਇਲਾਕਿਆਂ ਵਿੱਚ ਪੈਂਦੀਆਂ ਕਈ ਨੀਵੀਆਂ ਸੜ੍ਹਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਸੜ੍ਹਕਾਂ ’ਤੇ ਪਾਣੀ ਖੜ੍ਹਾ ਹੋਣ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਰਹੀ। ਇਸ ਸਮੇਂ ਦੌਰਾਨ ਅਕਾਸ਼ ’ਤੇ ਕਾਲੀ ਘਟਾ ਛਾ ਗਈ ਸੀ ਜਿਸ ਕਰਕੇ ਮੁੱਖ ਸੜ੍ਹਕਾਂ ’ਤੇ ਜਾਂਦੀਆਂ ਗੱਡੀਆਂ ਵਾਲਿਆਂ ਨੇ ਬੱਤੀਆਂ ਤੱਕ ਜਗ੍ਹਾ ਲਈਆਂ ਸਨ। ਮੀਂਹ ਇੰਨਾਂ ਤੇਜ਼ ਸੀ ਕਿ ਕੁੱਝ ਕੁ ਮੀਟਰ ਤੱਕ ਦੇਖਣਾ ਵੀ ਮੁਸ਼ਕਲ ਹੋ ਰਿਹਾ ਸੀ। ਇੰਨਾਂ ਤੋਂ ਇਲਾਵਾ ਪੱਖੋਵਾਲ ਰੋਡ, ਫਿਰੋਜ਼ਪੁਰ ਰੋਡ, ਚੀਮਾ ਚੌਂਕ ਆਦਿ ਕਈ ਅਜਿਹੇ ਇਲਾਕੇ ਸਨ ਜਿੱਥੇ ਮਾਮੂਲੀ ਮੀਂਹ ਕਰਕੇ ਮੁਸ਼ਕਲ ਨਾਲ ਸੜ੍ਹਕਾਂ ਹੀ ਗਿੱਲੀਆਂ ਹੋਈਆਂ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਵੀ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਦੀਆਂ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਸਨ। ਕਈ ਵਾਰ ਰਾਤ ਸਮੇਂ ਬੱਦਲਵਾਈ ਵੀ ਹੁੰਦੀ ਰਹੀ ਪਰ ਮੀਂਹ ਅੱਜ ਦੁਪਹਿਰ ਸਮੇਂ ਹੀ ਆਇਆ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲਾ ਪੂਰਾ ਹਫਤਾ ਮੀਂਹ ਪੈਂਦੇ ਰਹਿਣ ਦੀਆਂ ਸੰਭਾਵਨਾਵਾਂ ਹਨ। ਜੇਕਰ ਮਾਹਿਰਾਂ ਦੀ ਪੇਸ਼ੀਨਗੋਈ ਅਨੁਸਾਰ ਮੀਂਹ ਪੈਂਦਾ ਹੈ ਤਾਂ ਇਹ ਝੋਨੇ ਦੀ ਲੁਆਈ ਲਈ ਵੀ ਲਾਹੇਵੰਦ ਹੋਵੇਗਾ ਅਤੇ ਜ਼ਮੀਨ ਹੇਠਲੇ ਪਾਣੀ ਦੀ ਬਚਤ ਹੋਵੇਗੀ।