ਮੀਂਹ ਦੀ ਮਾਰ: ਨੀਵੀਆਂ ਸੜਕਾਂ ’ਤੇ ਪਾਣੀ ਬਣਿਆ ‘ਪ੍ਰੇਸ਼ਾਨੀ’
ਸਤਵਿੰਦਰ ਬਸਰਾ
ਲੁਧਿਆਣਾ, 30 ਜੂਨ
ਸ਼ਹਿਰ ਪਹਿਲਾਂ ਹੀ ਟਰੈਫਿਕ ਮੁਸ਼ਕਲਾਂ ਨਾਲ ਜੂਝ ਰਿਹਾ ਹੈ ਅਤੇ ਹੁਣ ਬਰਸਾਤਾਂ ਵਿੱਚ ਨੀਵੀਆਂ ਸੜਕਾਂ ’ਤੇ ਕਈ-ਕਈ ਦਿਨ ਖੜ੍ਹਾ ਰਹਿੰਦਾ ਪਾਣੀ ਸੁਚਾਰੂ ਟਰੈਫਿਕ ਵਿੱਚ ਵੱਡਾ ਅੜਿੱਕਾ ਬਣਿਆ ਹੋਇਆ ਹੈ। ਬਰਸਾਤੀ ਪਾਣੀ ਦੀ ਢੁੱਕਵੀਂ ਨਿਕਾਸੀ ਨਾ ਹੋਣ ਕਾਰਨ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਹੀ ਕਈ ਸੜਕਾਂ ’ਤੇ ਪਾਣੀ ਖੜ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੁਧਿਆਣਾ ਵਿੱਚ ਟਰੈਫਿਕ ਸਮੱਸਿਆ ਦੇ ਹੱਲ ਲਈ ਹਰ ਪਾਸੇ ਫਲਾਈਓਵਰ ਬਣਾ ਦਿੱਤੇ ਗਏ ਹਨ ਪਰ ਬਰਸਾਤੀ ਮੌਸਮ ਵਿੱਚ ਇਨ੍ਹਾਂ ਪੁਲਾਂ ਤੋਂ ਹੇਠਾਂ ਆਉਂਦੇ ਪਾਣੀ ਦੀ ਢੁਕਵੀਂ ਨਿਕਾਸੀ ਨਾ ਹੋਣ ਕਰਕੇ ਪਾਣੀ ਕਈ-ਕਈ ਦਿਨ ਸੜਕਾਂ ’ਤੇ ਘੁੰਮਦਾ ਰਹਿੰਦਾ ਹੈ। ਇਸ ਨਾਲ ਜਿੱਥੇ ਨਵੀਆਂ ਬਣੀਆਂ ਸੜਕਾਂ ਦੀ ਹਾਲਤ ਖਸਤਾ ਹੋ ਰਹੀ ਹੈ, ਉੱਥੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਈ ਵਾਰ ਇਹ ਪਾਣੀ ਹਾਦਸਿਆਂ ਨੂੰ ਵੀ ਸੱਦਾ ਦਿੰਦਾ ਪ੍ਰਤੀਤ ਹੁੰਦਾ ਹੈ। ਇਸ ਪਾਣੀ ਕਰਕੇ ਇੱਥੋਂ ਟਰੈਫਿਕ ਵੀ ਕੀੜੀ ਦੀ ਚਾਲ ਨਾਲ ਹੀ ਚੱਲਦਾ ਹੈ ਜਿਸ ਕਰਕੇ ਰਾਹਗੀਰਾਂ ਦਾ ਕੀਮਤੀ ਸਮਾਂ ਵੀ ਬਰਬਾਦ ਹੁੰਦਾ ਹੈ। ਇਸ ਤੋਂ ਇਲਾਵਾ ਬੁੱਢੇ ਦਰਿਆ ਦੇ ਨਾਲ ਬਣੇ ਅੰਡਰ-ਬ੍ਰਿਜ ’ਤੇ ਵੀ ਕਈ-ਕਈ ਦਿਨ ਪਾਣੀ ਸੁੱਕਣ ਦਾ ਨਾਮ ਨਹੀਂ ਲੈਂਦਾ। ਹੋਰ ਤਾਂ ਹੋਰ ਮੀਂਹ ਤੋਂ ਬਾਅਦ ਕਈ ਕਈ ਫੁੱਟ ਉੱਚੇ ਪੁਲਾਂ ’ਤੇ ਵੀ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਨ੍ਹਾਂ ’ਚ ਘੰਟਾ ਘਰ ਨੇੜੇ ਅਤੇ ਸਮਰਾਲਾ ਚੌਕ ਦਾ ਫਲਾਈਓਵਰ ਮੁੱਖ ਹੈ। ਇੱਥੋਂ ਲੰਘਣ ਵਾਲੇ ਵਾਹਨਾਂ ਨਾਲ ਪਾਣੀ ਛਿੱਟੇ ਪੁਲ ਦੇ ਹੇਠਾਂ ਜਾਣ ਵਾਲੇ ਰਾਹਗੀਰਾਂ ’ਤੇ ਪੈਂਦੇ ਆਮ ਦੇਖੇ ਜਾ ਸਕਦੇ ਹਨ।
ਪਾਣੀ ਦੀ ਢੁਕਵੀਂ ਨਿਕਾਸੀ ਨਾ ਹੋਣ ਕਾਰਨ ਵਾਪਰਦੇ ਨੇ ਹਾਦਸੇ
ਇੱਥੋਂ ਦੇ ਸਮਰਾਲਾ ਚੌਕ ’ਤੇ ਬਣੇ ਫਲਾਈਓਵਰ ਤੋਂ ਡਿੱਗਦੇ ਪਾਣੀ ਲਈ ਕੋਈ ਢੁਕਵੀਂ ਨਿਕਾਸੀ ਨਹੀਂ ਕੀਤੀ ਗਈ ਜਿਸ ਕਰਕੇ ਇੱਥੇ ਕਈ ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ। ਰਾਤ ਸਮੇਂ ਇਹ ਪਾਣੀ ਦਿਖਾਈ ਨਾ ਦਿੰਦਾ ਹੋਣ ਕਰਕੇ ਕਈ ਵਾਰ ਹਾਦਸੇ ਵੀ ਹੁੰਦੇ ਰਹਿੰਦੇ ਹਨ। ਇਹੋ ਹਾਲ ਜਲੰਧਰ ਬਾਈਪਾਸ ਨੇੜੇ ਵੀ ਦੇਖਣ ਨੂੰ ਮਿਲਿਆ ਹੈ। ਇੱਥੇ ਵੀ ਸਮਰਾਲਾ ਚੌਕ ਦੀ ਤਰ੍ਹਾਂ ਪਾਣੀ ਦੀ ਨਿਕਾਸੀ ਨਾ-ਕਾਫੀ ਲੱਗ ਰਹੀ ਹੈ। ਸੜਕ ’ਤੇ ਖੜ੍ਹੇ ਪਾਣੀ ਤੋਂ ਡਰਦੇ ਵਾਹਨ ਚਾਲਕ ਆਪਣੀਆਂ ਗੱਡੀਆਂ ਨੂੰ ਪਰ੍ਹੇ ਦੀ ਕਰਕੇ ਕੱਢਣ ਲਈ ਮਜਬੂਰ ਹੋ ਰਹੇ ਹਨ ਜੋ ਅੱਗੋਂ ਟਰੈਫਿਕ ਵਿੱਚ ਵੀ ਅੜਿੱਕਾ ਬਣਦੇ ਹਨ।