ਮੀਂਹ ਨੇ ਲੁਧਿਆਣਵੀਆਂ ਨੂੰ ਦਿੱਤੀ ਗਰਮੀ ਤੋਂ ਰਾਹਤ
ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ੁੱਕਰਵਾਰ ਦੁਪਹਿਰ ਬਾਅਦ ਆਏ ਤੇਜ਼ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਰੀਬ 4-5 ਦਿਨਾਂ ਤੋਂ ਸੰਘਣੀ ਬੱਦਲਵਾਈ ਅਤੇ ਕਿਣਮਿਣ ਹੁੰਦੀ ਆ ਰਹੀ ਹੈ। ਪੀਏਯੂ ਦੇ ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਣ ਵਾਲੇ 3-4 ਦਿਨਾਂ ਦੌਰਾਨ ਹਲਕੀ/ਦਰਮਿਆਨੀਂ ਬਾਰਿਸ਼ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਆਮ ਤੌਰ ’ਤੇ ਗਰਮੀਆਂ ਵਿੱਚ ਸੂਬੇ ਦੇ ਹੋਰਨਾਂ ਸ਼ਹਿਰਾਂ ਨਾਲੋਂ ਵੱਧ ਗਰਮ ਰਹਿਣ ਵਾਲਾ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕਰੀਬ 4-5 ਦਿਨਾਂ ਤੋਂ ਮੀਂਹ ਵਾਲਾ ਮੌਸਮ ਬਣਿਆ ਹੋਇਆ ਹੈ। ਇੰਨਾਂ ਦਿਨਾਂ ਦੌਰਾਨ ਕਈ ਵਾਰ ਵੱਖ ਵੱਖ ਇਲਾਕਿਆਂ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਵੀ ਹੋਈ ਹੈ।
ਸ਼ਹਿਰ ਵਿੱਚ ਅੱਜ ਵੀ ਸਵੇਰ ਸਮੇਂ ਤੋਂ ਹੀ ਬੱਦਲਵਾਈ ਹੋਈ ਸੀ ਜੋ ਦੁਪਹਿਰ ਹੁੰਦਿਆਂ ਸੰਘਣੀ ਬੱਦਲਵਾਈ ਵਿੱਚ ਬਦਲ ਗਈ। ਇੱਕ ਸਮਾਂ ਤਾਂ ਅਜਿਹਾ ਵੀ ਆ ਗਿਆ ਜਦੋਂ ਦਿਨ ਸਮੇਂ ਹੀ ਰਾਤ ਦਾ ਭੁਲੇਖਾ ਪੈਣਾ ਸ਼ੁਰੂ ਹੋ ਗਿਆ ਸੀ। ਬਾਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਸੜ੍ਹਕਾਂ ’ਤੇ ਚੱਲਦੇ ਵੱਡੇ ਵਾਹਨਾਂ ਦੇ ਚਾਲਕਾਂ ਨੇ ਬੱਤੀਆਂ ਜਗਾ ਦਿੱਤੀਆਂ ਸਨ। ਫਿਰ ਅਚਾਨਕ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ ਜੋ ਦੇਖਦਿਆਂ ਹੀ ਦੇਖਦਿਆਂ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਫੈਲ ਗਿਆ। ਇਸ ਮੀਂਹ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਜਾਣ ਦਾ ਮੌਕਾ ਵੀ ਨਹੀਂ ਦਿੱਤਾ ਜਿਸ ਕਰਕੇ ਕਈ ਲੋਕ ਸੜ੍ਹਕਾਂ ’ਤੇ ਹੀ ਭਿੱਜਣ ਲਈ ਮਜ਼ਬੂਰ ਹੋ ਗਏ। ਇਸ ਮੀਂਹ ਕਾਰਨ ਜਿਹੜਾ ਤਾਪਮਾਨ ਸਵੇਰ ਸਮੇਂ 30 ਤੋਂ 32 ਡਿਗਰੀ ਸੈਲਸੀਅਸ ਸੀ ਦੁਪਹਿਰ ਬਾਅਦ ਘੱਟ ਕੇ 26-27 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇਸ ਮੀਂਹ ਨੇ ਲੋਕਾਂ ਨੂੰ ਹੁੰਮਸ ਵਾਲੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਕਈ ਨੀਵੀਆਂ ਸੜ੍ਹਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਜਦਕਿ ਸੜ੍ਹਕਾਂ ’ਤੇ ਪਏ ਡੂੰਘੇ ਅਤੇ ਚੌੜੇ ਟੋਏ ਪਾਣੀ ਨਾਲ ਭਰ ਗਏ। ਮੀਂਹ ਇੰਨਾਂ ਤੇਜ਼ ਸੀ ਕਿ ਕੁੱਝ ਸਮੇਂ ਤੱਕ ਕੁੱਝ ਮੀਟਰ ਤੱਕ ਵੀ ਦੇਖਣਾ ਮੁਸ਼ਕਲ ਹੋ ਗਿਆ ਸੀ। ਮੁੱਖ ਸੜ੍ਹਕਾਂ ’ਤੇ ਗੱਡੀਆਂ ਵੀ ਕੀੜੀ ਦੀ ਚਾਲ ਚੱਲ ਰਹੀਆਂ ਸਨ। ਜੇਕਰ ਪੀਏਯੂ ਦੇ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਂਦੇ 3-4 ਦਿਨ ਹਲਕੇ ਤੋਂ ਦਰਮਿਆਨਾਂ ਮੀਂਹ ਪੈ ਸਕਦਾ ਹੈ।