ਦੋ ਦਿਨਾਂ ਤੋਂ ਲਗਾਤਾਰ ਪੈਂਦੇ ਮੀਂਹ ਕਾਰਨ ਖੰਨਾ ਸ਼ਹਿਰ ਪੂਰੀ ਤਰ੍ਹਾਂ ਜਲ ਥਲ ਹੋਇਆ ਪਿਆ ਹੈ। ਦੂਜੇ ਪਾਸੇ ਬਿਜਲੀ ਠੱਪ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਸ਼ਹਿਰ ਦੇ ਨੈਸ਼ਨਲ ਹਾਈਵੇ ਤੋਂ ਲੈ ਕੇ ਗਲੀਆਂ, ਮੁਹੱਲਿਆਂ ਅਤੇ ਮੁੱਖ ਬਜ਼ਾਰਾਂ ਤੱਕ ਹਰ ਪਾਸੇ ਪਾਣੀ ਭਰਿਆ ਹੋਇਆ ਸੀ। ਹਾਲਾਤ ਇੰਨੇ ਮਾੜੇ ਬਣੇ ਹੋਏ ਹਨ ਕਿ ਕਈ ਇਲਾਕਿਆਂ ਵਿਚ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਵੜ ਗਿਆ। ਨਗਰ ਕੌਂਸਲ ਤੇ ਪ੍ਰਸ਼ਾਸਨ ਨੇ ਬਾਰਿਸ਼ ਤੋਂ ਪਹਿਲਾਂ ਨਾਲੀਆਂ ਦੀ ਸਫ਼ਾਈ ਤੇ ਡਰੇਨੇਜ ਸਿਸਟਮ ਦੀ ਮੁਰੰਮਤ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਅੱਜ ਦੀ ਸਥਿਤੀ ਤੋਂ ਸਾਬਿਤ ਹੁੰਦਾ ਹੈ ਕਿ ਇਹ ਦਾਅਵੇ ਸਿਰਫ ਕਾਗਜਾਂ ਤੱਕ ਹੀ ਸੀਮਤ ਸੀ।
ਸ਼ਹਿਰ ਦੇ ਮੁੱਖ ਚੌਕ ਮਾਲੇਰਕੋਟਲਾ ਰੋਡ, ਸਮਰਾਲਾ ਰੋਡ, ਲਲਹੇੜੀ ਰੋਡ, ਅਮਲੋਹ ਰੋਡ ਪਾਣੀ ਵਿੱਚ ਬੁਰੀ ਤਰ੍ਹਾਂ ਡੁੱਬੇ ਰਹੇ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਸ਼ਹਿਰ ਦੇ ਬਜਾਰਾਂ ਵਿੱਚ ਦੁਕਾਨਦਾਰ ਆਪਣਾ ਸਮਾਨ ਬਚਾਉਣ ਲਈ ਜੱਦੋ ਜਹਿਦ ਕਰਦੇ ਰਹੇ ਅਤੇ ਕਈਆਂ ਦਾ ਭਾਰੀ ਨੁਕਸਾਨ ਹੋਇਆ। ਭਾਰੀ ਬਾਰਿਸ਼ ਕਾਰਨ ਪਾਵਰ ਗਰਿੱਡ ਅਤੇ ਐਸਐਸਪੀ ਦਫ਼ਤਰ ਵਿੱਚ ਵੀ ਪਾਣੀ ਭਰ ਗਿਆ ਜਿਸ ਨਾਲ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੀ। ਪ੍ਰਸ਼ਾਸਨ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਨਗਰ ਕੌਂਸਲ ਦੀ ਮਦਦ ਨਾਲ ਕਰੀਬ ਦੋ ਘੰਟੇ ਦੀ ਮਿਹਨਤ ਉਪਰੰਤ ਟੈਂਕਰਾਂ ਨਾਲ ਪਾਣੀ ਕੱਢਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਬਾਰਿਸ਼ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਪਾਣੀ ਪੰਪ ਕਰਨ ਵਾਲੀਆਂ ਮਸ਼ੀਨਾਂ ਦੀ ਜਾਂਚ ਕੀਤੀ। ਇਸੇ ਤਰ੍ਹਾਂ ਉਹਨਾਂ ਖੰਨਾ ਦੀ ਗ਼ੈਬ ਦੀ ਪੁੱਲੀ ਦਾ ਦੌਰਾ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਵਿਕਾਸ ਮਹਿਤਾ, ਸਤਨਾਮ ਸਿੰਘ ਸੋਨੀ, ਰਣਬੀਰ ਸਿੰਘ ਕਾਕਾ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਦੋਰਾਹਾ ਵਿਖੇ ਵੀ ਦੋ ਦਿਨਾਂ ਤੋਂ ਲਗਾਤਾਰ ਹੁੰਦੀ ਬਾਰਿਸ਼ ਕਾਰਨ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਹਾਲ ਹੋ ਗਿਆ। ਬਜ਼ਾਰਾਂ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਬੁਰੀ ਤਰ੍ਹਾਂ ਪਾਣੀ ਭਰ ਗਿਆ।