ਜਗਰਾਉਂ ਸ਼ਹਿਰ ਵਿੱਚ ਆਫਤ ਬਣ ਕੇ ਵਰ੍ਹਿਆ ਮੀਂਹ
ਇਕੋ ਮੀਂਹ ਨੇ ਜਗਰਾਉਂ ਸ਼ਹਿਰ ਵਿੱਚ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਪੁਰਾਣੀ ਦਾਣਾ ਮੰਡੀ ਅਤੇ ਕਮਲ ਚੌਕ ਵਿੱਚ ਤਾਂ ਪਾਣੀ ਲੱਕ ਤੱਕ ਆ ਗਿਆ। ਲੋਕ ਤਾਂ ਇਨ੍ਹਾਂ ਦੋਵੇਂ ਥਾਵਾਂ ’ਤੇ ਕਿਸ਼ਤੀਆਂ ਚਲਾਉਣ ਦੀਆਂ ਗੱਲਾਂ ਕਰਨ ਲੱਗੇ। ਲੋਕਾਂ ਨੇ ਸਵਾਲ ਕੀਤਾ ਕਿ ਸਰਕਾਰ ਵੀ ਬਣ ਗਈ ਅਤੇ ਬੀਬੀ ਮਾਣੂੰਕੇ ਵੱਧ ਬਹੁਮਤ ਨਾਲ ਮੁੜ ਵਿਧਾਇਕਾ ਵੀ ਚੁਣੇ ਗਏ, ਪਰ ਸਾਢੇ ਤਿੰਨ ਸਾਲ ਬੀਤਣ ’ਤੇ ਵੀ ਮਸਲਾ ਹੱਲ ਕਿਉਂ ਨਹੀਂ ਹੋਇਆ ਹੈ। ਇਸੇ ਦੌਰਾਨ ਨਗਰ ਸੁਧਾਰ ਸਭਾ ਨੇ ਇਸ ਬਦਤਰ ਹਾਲਤ ਲਈ ਪ੍ਰਸ਼ਾਸਨ ਦੇ ਨਾਲ ਸਾਰੇ ਕੌਂਸਲਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਅਸਤੀਫ਼ੇ ਦੇਣ ਲਈ ਕਿਹਾ ਹੈ। ਜਿਵੇਂ ਹੀ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਤੇਜ਼ ਬਾਰਸ਼ ਸ਼ੁਰੂ ਹੋਈ ਤਾਂ ਕੁਝ ਮਿੰਟਾਂ ਅੰਦਰ ਹੀ ਪੁਰਾਣੀ ਦਾਣਾ ਮੰਡੀ ਅਤੇ ਕਮਲ ਚੌਕ ਵਿੱਚ ਪਾਣੀ ਭਰ ਗਿਆ। ਮੀਂਹ ਕਰਕੇ ਭਾਵੇਂ ਹੋਰਨਾਂ ਇਲਾਕਿਆਂ ਵਿੱਚ ਵੀ ਪਾਣੀ ਸੀ ਪਰ ਉਕਤ ਦੋਵਾਂ ਥਾਵਾਂ ਦੀ ਹਾਲਤ ਅਤਿਅੰਤ ਮਾੜੀ ਸੀ। ਰੋਜ਼ਾਨਾ ਕਰੋੜਾਂ ਦਾ ਵਪਾਰ ਕਰਨ ਵਾਲੀ ਪੁਰਾਣੀ ਦਾਣਾ ਮੰਡੀ ਵਿੱਚ ਕੰਮਕਾਜ ਦਾ ਸਾਰਾ ਦਿਨ ਠੱਪ ਰਿਹਾ ਹੀ, ਨਾਲ ਹੀ ਕਈ ਦੁਕਾਨਾਂ ਅੰਦਰ ਪਾਣੀ ਭਰ ਕੇ ਉਲਟਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਕਮਲ ਚੌਕ ਨੇੜਲੀ ਸਦਨ ਮਾਰਕੀਟ, ਅਨਾਰਕਲੀ ਬਾਜ਼ਾਰ, ਕੁੱਕੜ ਚੌਕ, ਪੁਰਾਣੀ ਸਬਜ਼ੀ ਮੰਡੀ ਰੋਡ ਤੇ ਹੋਰਨਾਂ ਥਾਵਾਂ ‘ਤੇ ਗੋਡੇ ਗੋਡੇ ਪਾਣੀ ਤੋਂ ਲੈ ਕੇ ਕਈ ਥਾਵਾਂ ’ਤੇ ਲੱਕ ਤੱਕ ਪਾਣੀ ਭਰਿਆ ਹੋਇਆ ਦੇਖਿਆ ਗਿਆ। ਪਾਣੀ ਵਿੱਚੋਂ ਲੰਘਣ ਦੀ ਕੋਸ਼ਿਸ਼ ਵਿੱਚ ਕਈ ਵਾਹਨ ਪਾਣੀ ਦੇ ਵਿੱਚ ਹੀ ਫਸੇ ਨਜ਼ਰ ਆਏ। ਇਸ ਦੇ ਨਾਲ ਹੀ ਇਨ੍ਹਾਂ ਬਾਜ਼ਾਰਾਂ ਵਿਚਲੀਆਂ ਕੁਝ ਦੁਕਾਨਾਂ ਅੰਦਰ ਪਾਣੀ ਪਹੁੰਚਣ ਕਰਕੇ ਨੁਕਸਾਨ ਵੀ ਹੋਇਆ। ਮੋਹਿਤ ਜੈਨ, ਦਲਜੀਤ ਸਿੰਘ, ਰੋਹਿਤ ਕੁਮਾਰ ਤੇ ਹੋਰਨਾਂ ਨੇ ਕਿਹਾ ਕਿ ਦਹਾਕਿਆਂ ਪੁਰਾਣੀ ਇਹ ਸਮੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹੱਲ ਕਰਨ ਦੀ ਪੂਰੀ ਉਮੀਦ ਸੀ। ਇਸ ਸਬੰਧੀ ਵਿਧਾਇਕਾ ਮਾਣੂੰਕੇ ਦੇ ਦਿੱਤੇ ਹਲਫੀਆ ਬਿਆਨ ਕਰਕੇ ਤਾਂ ਪੱਕੀ ਉਮੀਦ ਸੀ ਪਰ ਮੀਂਹ ਨੇ ਫੇਰ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਨਗਰ ਸੁਧਾਰ ਸਭ ਦੇ ਪ੍ਰਧਾਨ ਅਵਤਾਰ ਸਿੰਘ ਤੇ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਨਾਕਾਮ ਰਹਿਣ ਵਾਲੇ ਸਾਰੇ ਕੌਂਸਲਰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ।