DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

1921 ’ਚ ਬਣੀ ਹਵੇਲੀ ਡਿੱਗਣ ਮਗਰੋਂ ਰਾਏਕੋਟ ਵਾਸੀਆਂ ’ਚ ਸਹਿਮ

ਲੋਕ ਨਿਰਮਾਣ ਵਿਭਾਗ ਦੀਆਂ ਟੀਮਾਂ ਤੋਂ ਜਲਦੀ ਪੁਰਾਣੀਆਂ ਇਮਾਰਤਾਂ ਦਾ ਸਰਵੇਖਣ ਕਰਵਾਇਆ ਜਾਵੇਗਾ: ਕੌਂਸਲ ਪ੍ਰਧਾਨ ਤੇ ਕਾਰਜਸਾਧਕ ਅਫ਼ਸਰ
  • fb
  • twitter
  • whatsapp
  • whatsapp
featured-img featured-img
ਰਾਏਕੋਟ ਸ਼ਹਿਰ ਵਿੱਚ ਮੌਜੂਦ ਪੁਰਾਣੀ ਇਮਾਰਤ ਦਾ ਢਾਂਚਾ।
Advertisement
ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨ ਦਰਮਿਆਨੀ ਤੋਂ ਭਾਰੀ ਮੀਂਹ ਦੀ ਪੇਸ਼ੀਨਗੋਈ ਕਾਰਨ ਇਤਿਹਾਸਕ ਸ਼ਹਿਰ ਰਾਏਕੋਟ ਦੇ ਵਾਸੀ ਪ੍ਰੇਸ਼ਾਨ ਹਨ। ਸ਼ਹਿਰ ਵਿੱਚ 1947 ਤੋਂ ਪਹਿਲਾਂ ਦੀਆਂ ਬਣੀਆਂ ਅਨੇਕਾਂ ਪੁਰਾਣੀਆਂ ਇਮਾਰਤਾਂ ਵੱਖ-ਵੱਖ ਮੁਹੱਲਿਆਂ ਵਿੱਚ ਮੌਜੂਦ ਹਨ ਅਤੇ ਕਈ ਇਮਾਰਤਾਂ ਤਾਂ ਇਕ ਸਦੀ ਤੋਂ ਵੀ ਵੱਧ ਪੁਰਾਣੀਆਂ ਹਨ। ਬੀਤੀ 3 ਸਤੰਬਰ ਨੂੰ ਅਗਰਵਾਲ ਮੁਹੱਲੇ ਵਿੱਚ 104 ਸਾਲ ਪੁਰਾਣੀ ਦੋ ਮੰਜ਼ਿਲਾ ਹਵੇਲੀ ਡਿੱਗਣ ਮਗਰੋਂ ਸ਼ਹਿਰ ਵਿੱਚ ਵੱਸਦੇ ਲੋਕ ਆਪਣੇ ਆਸ-ਪਾਸ ਖੜ੍ਹੀਆਂ ਪੁਰਾਣੀ ਇਮਾਰਤਾਂ ਦੀ ਖਸਤਾ ਹਾਲਤ ਕਾਰਨ ਭੈਭੀਤ ਹਨ। ਬਹੁਤੀਆਂ ਵਿਰਾਸਤੀ ਇਮਾਰਤਾਂ ਹੁਣ ਖੰਡਰ ਬਣ ਚੁੱਕੀਆਂ ਹਨ। ਸਰਸਰੀ ਸਰਵੇਖਣ ਤੋਂ ਸਾਹਮਣੇ ਆਇਆ ਕਿ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਦਰਜਨਾਂ ਬਹੁ-ਮੰਜ਼ਿਲਾਂ ਇਮਾਰਤਾਂ ਖਸਤਾ ਹਾਲ ਵਿੱਚ ਹਨ, ਇਸ ਸਾਲ ਪਏ ਭਾਰੀ ਮੀਂਹ ਕਾਰਨ ਉਨ੍ਹਾਂ ਦੀ ਹਾਲਤ ਹੋਰ ਵੀ ਤਰਸਯੋਗ ਬਣ ਗਈ ਹੈ।

Advertisement

ਥਾਣਾ ਬਜ਼ਾਰ ਤੋਂ ਕਮੇਟੀ ਬਾਜ਼ਾਰ ਦੇ ਇਲਾਕੇ ਵਿੱਚ ਕਰੀਬ ਡੇਢ ਦਰਜਨ ਪੁਰਾਣੀਆਂ ਇਮਾਰਤਾਂ ਹਨ, ਜਿਨ੍ਹਾਂ ਵਿੱਚ ਦੋ ਜਾਂ ਤਿੰਨ ਮੰਜ਼ਿਲ ਵਾਲੀਆਂ ਇਮਾਰਤਾਂ ਵੀ ਹਨ। ਵੱਲਭ ਮਾਰਕੀਟ ਵਿੱਚ ਖੰਡਰ-ਨੁਮਾ ਚਾਰ ਪੁਰਾਣੇ ਅਜਿਹੇ ਮਕਾਨ ਹਨ, ਜਿਹੜੇ ਅਸੁਰੱਖਿਅਤ ਸਮਝੇ ਜਾ ਰਹੇ ਹਨ। ਸ਼ਹਿਰ ਦੀ ਪ੍ਰਸਿੱਧ ਮਿੱਸੀ ਗਲੀ ਵਿੱਚ ਇਕ ਬੇਅਬਾਦ ਮਕਾਨ ਦੇ ਬਨੇਰੇ ਦੀਆਂ ਇੱਟਾਂ ਡਿੱਗਣ ਕਾਰਨ ਨੇੜਲੇ ਘਰਾਂ ਦੇ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ।

ਥਾਣਾ ਬਾਜ਼ਾਰ ਵਿੱਚ ਰੰਗਦਾਰ ਸ਼ੀਸ਼ਿਆਂ ਵਾਲੀ ਤਿੰਨ ਮੰਜ਼ਿਲਾਂ ਇਮਾਰਤ 1939 ਦੀ ਬਣੀ ਹੋਈ ਹੈ ਅਤੇ ਕਿਸੇ ਅਮੀਰ ਖ਼ਾਨਦਾਨ ਦੀ ਵਿਰਾਸਤੀ ਹਵੇਲੀ ਜਾਪਦੀ ਹੈ। ਨੇੜੇ ਹੀ ਡਾਟਾਂ ਵਾਲੇ ਇੱਕ ਦਰਵਾਜ਼ੇ ਦੇ ਅੰਦਰ ਬਣੀਆਂ ਇਮਾਰਤਾਂ ਵਿੱਚ ਕੁਝ ਸਮਾਂ ਪਹਿਲਾਂ ਤੱਕ ਚਾਰ-ਪੰਜ ਪਰਿਵਾਰ ਵੱਸਦੇ ਸੀ, ਜਿਹੜੇ ਹੁਣ ਛੱਡ ਕੇ ਬਾਹਰ ਚਲੇ ਗਏ ਹਨ, ਪਰ ਇਕ ਪਰਿਵਾਰ ਹਾਲੇ ਵੀ ਇਸ ਇਮਾਰਤ ਵਿੱਚ ਰਹਿੰਦਾ ਹੈ।

ਵੱਲਭ ਮਾਰਕੀਟ ਵਿੱਚ ਪਾਸੀ ਪਰਿਵਾਰ ਦੀ ਇਕ ਬਹੁਤ ਪੁਰਾਣੀ ਇਮਾਰਤ ਹੈ। ਸ਼ਹਿਰ ਦੇ ਸਭ ਤੋਂ ਪ੍ਰਸਿੱਧ ਤਲਵੰਡੀ ਬਾਜ਼ਾਰ ਵਿੱਚ ਦਰਜਨ ਤੋਂ ਵੱਧ ਪੁਰਾਣੀਆਂ ਇਮਾਰਤਾਂ ਹਨ, ਜਿਨ੍ਹਾਂ ਵਿੱਚ ਕਈ ਦੁਕਾਨਾਂ ਵੀ ਹਨ। ਇਸੇ ਤਰ੍ਹਾਂ ਕੱਚਾ ਕਿਲ੍ਹਾ ਮੁਹੱਲੇ ਵਿੱਚ ਵੀ ਅਨੇਕਾਂ ਪੁਰਾਣੀਆਂ ਅਤੇ ਖੰਡਰ-ਨੁਮਾ ਇਮਾਰਤਾਂ ਮੌਜੂਦ ਹਨ ਪਰ ਇਹ ਬਹੁ-ਮੰਜ਼ਲੀ ਨਾ ਹੋਣ ਕਾਰਨ ਜ਼ਿਆਦਾ ਪ੍ਰੇਸ਼ਾਨੀ ਪੈਦਾ ਨਹੀਂ ਕਰਦੀਆਂ। ਮਿੱਸੀ ਗਲੀ ਵਾਲੀ ਮਸਜਿਦ ਜਿਹੜੀ ਕਾਫ਼ੀ ਸਮਾਂ ਬੇਅਬਾਦ ਰਹੀ ਸੀ ਪਰ ਹੁਣ ਮਿਆਦ ਪੁਗਾ ਚੁੱਕੀ ਮਸਜਿਦ ਨੂੰ ਮੁੜ ਅਬਾਦ ਕੀਤਾ ਗਿਆ ਹੈ। ਉੱਧਰ ਬੀਬੀ ਪਾਲੋ ਦੇ ਡੇਰੇ ਨੇੜਲੀ ਮਸਜਿਦ ਭਾਵੇਂ ਪੁਰਾਣੀ ਹੀ ਹੈ ਪਰ ਉਸ ਦੀ ਸਮੇਂ-ਸਮੇਂ ਮੁਰੰਮਤ ਹੁੰਦੀ ਰਹਿਣ ਕਾਰਨ ਉਸ ਦੀ ਪੁਰਾਣੀ ਦਿੱਖ ਅੱਜ ਵੀ ਕਾਇਮ ਹੈ।

ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਜਿੰਨਾ ਇਮਾਰਤਾਂ ਬਾਰੇ ਨਗਰ ਕੌਂਸਲ ਦੇ ਧਿਆਨ ਵਿੱਚ ਆਇਆ ਹੈ, ਉਨ੍ਹਾਂ ਪਰਿਵਾਰਾਂ ਨੂੰ ਸਮੇਂ-ਸਮੇਂ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਕਈਆਂ ਨੂੰ ਮੂੰਹ ਜ਼ੁਬਾਨੀ ਵੀ ਕਿਹਾ ਗਿਆ ਹੈ ਪਰ ਭਾਰੀ ਮੀਂਹ ਕਾਰਨ ਹਾਲਾਤ ਜ਼ਿਆਦਾ ਖ਼ਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਲੋਕ ਨਿਰਮਾਣ ਵਿਭਾਗ ਦੀਆਂ ਟੀਮਾਂ ਭੇਜ ਕੇ ਸਾਰੇ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਦਾ ਸਰਵੇਖਣ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ।

Advertisement
×