ਲੁਧਿਆਣਾ ਵਿੱਚ ਬੱਚਿਆਂ ਦੀ ਭੀਖ ਮੰਗਣ ਨੂੰ ਖਤਮ ਕਰਨ ਅਤੇ ਬੱਚਿਆਂ ਦੀ ਤਸਕਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਰਾਤ ਨੂੰ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਪ੍ਰਾਜੈਕਟ ਜੀਵਨਜੋਤ-2 ਤਹਿਤ ਛਾਪੇ ਦੀ ਅਗਵਾਈ ਕੀਤੀ। ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਉਦੇਸ਼ ਸ਼ੋਸ਼ਣ ਨੂੰ ਰੋਕਣ ਅਤੇ ਬਾਲ ਭਲਾਈ ਨੂੰ ਯਕੀਨੀ ਬਣਾਉਣ ਲਈ ਡੀਐੱਨਏ ਟੈਸਟਿੰਗ ਰਾਹੀਂ ਪਰਿਵਾਰਕ ਸਬੰਧਾਂ ਦੀ ਪੁਸ਼ਟੀ ਕਰਨਾ ਹੈ। ਛਾਪੇ ਦੌਰਾਨ ਇੱਕ ਟੀਮ ਨੇ ਇੱਕ ਮੰਦਰ ਦੇ ਨੇੜੇ ਭੀਖ ਮੰਗਣ ਵਿੱਚ ਲੱਗੇ ਚਾਰ ਬੱਚਿਆਂ ਦੀ ਪਛਾਣ ਕੀਤੀ। ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਬੱਚੇ ਆਪਣੇ ਮਾਪਿਆਂ ਦੇ ਨਾਲ ਸਨ ਅਤੇ ਸਕੂਲ ਵੀ ਜਾ ਰਹੇ ਸਨ। ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ, ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਭੀਖ ਮੰਗਣ ਵਿੱਚ ਸ਼ਾਮਲ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਦੁਬਾਰਾ ਅਜਿਹਾ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪ੍ਰਾਜੈਕਟ ਜੀਵਨਜੋਤ-2 ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਅਤੇ ਸਾਡੇ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਉਣ ਵੱਲ ਇੱਕ ਪਰਿਵਰਤਨਸ਼ੀਲ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਬੱਚਾ ਭੀਖ ਮੰਗਣ ਲਈ ਮਜਬੂਰ ਨਾ ਹੋਵੇ ਅਤੇ ਬਾਲ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਫੈਸਲਾਕੁਨ ਕਾਰਵਾਈ ਕਰੇਗਾ।
ਬੱਚਿਆਂ ਦੇ ਡੀਐਨਏ ਦੀ ਨਿਗਰਾਨੀ ਲਈ ਕਮੇਟੀ ਕਾਇਮ
ਲੁੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੂੰ ਸਿਵਲ ਹਸਪਤਾਲ ਵਿਖੇ ਬੁੱਧਵਾਰ ਨੂੰ ਹੋਣ ਵਾਲੇ ਡੀਐੱਨਏ ਟੈਸਟਿੰਗ ਦੇ ਨਿਰਵਿਘਨ ਅਮਲ ਨੂੰ ਯਕੀਨੀ ਬਣਾਉਣ ਲਈ ਇੱਕ ਕਮੇਟੀ ਕਾਇਮ ਕੀਤੀ ਹੈ। ਕਮੇਟੀ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ, ਪੁਲੀਸ ਕਮਿਸ਼ਨਰ ਦੇ ਪ੍ਰਤੀਨਿਧੀ ਅਤੇ ਸਿਵਲ ਸਰਜਨ ਸ਼ਾਮਲ ਹਨ, ਜਿਨ੍ਹਾਂ ਨੂੰ ਬੱਚਿਆਂ ਦੀ ਤਸਕਰੀ ਅਤੇ ਸ਼ੋਸ਼ਣ ਦਾ ਮੁਕਾਬਲਾ ਕਰਨ ਲਈ ਪ੍ਰਾਜੈਕਟ ਜੀਵਨਜੋਤ 2.0 ਅਧੀਨ ਡੀਐੱਨਏ ਟੈਸਟਿੰਗ ਪ੍ਰਕਿਰਿਆ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਸਿਵਲ ਹਸਪਤਾਲ ਦੇ ਮਾਹਰ ਬਚਾਏ ਗਏ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਬਾਲਗਾਂ ਤੋਂ ਡੀਐੱਨਏ ਨਮੂਨੇ ਇਕੱਠੇ ਕਰਨਗੇ, ਨਮੂਨਾ ਇਕੱਠਾ ਕਰਨ ਲਈ ਸਾਰੇ ਲਾਜ਼ਮੀ ਪ੍ਰਬੰਧ ਪਹਿਲਾਂ ਹੀ ਪੂਰੇ ਕੀਤੇ ਗਏ ਹਨ। ਨਮੂਨੇ ਵਿਸ਼ਲੇਸ਼ਣ ਲਈ ਮੋਹਾਲੀ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਨੂੰ ਭੇਜੇ ਜਾਣਗੇ।