ਪੀਏਯੂ ਦੀ ਵਰਚੁਅਲ ਯਾਤਰਾ ਬਾਰੇ ਕਿਊ ਆਰ ਕੋਡ ਰਿਲੀਜ਼
ਪੀਏਯੂ ਵਿੱਚ ਅੱਜ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਕਿਊ ਆਰ ਕੋਡ ਆਮ ਲੋਕਾਂ ਦੀ ਵਰਤੋਂ ਲਈ ਜਾਰੀ ਕਰਨ ਦੀ ਰਸਮ ਨਿਭਾਈ। ਪੀ.ਏ.ਯੂ. ਦੀ ਵਰਚੁਅਲ ਯਾਤਰਾ ਲਈ ਇਨ੍ਹਾਂ ਕੋਡਜ਼ ਨੂੰ ਮੋਬਾਈਲ ਉੱਪਰ ਸਕੈਨ ਕਰਕੇ ਯੂਨੀਵਰਸਿਟੀ ਦੀਆਂ ਪ੍ਰਮੁੱਖ ਇਮਾਰਤਾਂ ਅਤੇ ਸਮਾਰਕਾਂ ਬਾਰੇ ਵਾਕਫੀ ਹਾਸਲ ਕੀਤੀ ਜਾ ਸਕਦੀ ਹੈ। ਡਾ. ਗੋਸਲ ਨੇ ਕਿਹਾ ਕਿ ਅਜੋਕਾ ਦੌਰ ਤਕਨਾਲੋਜੀ ਦੀ ਸੁਚੱਜੀ ਵਰਤੋਂ ਦਾ ਹੈ। ਯੂਨੀਵਰਸਿਟੀ ਨੂੰ ਜਾਣਨ ਲਈ ਬਾਹਰੋਂ ਆਉਣ ਵਾਲੇ ਲੋਕਾਂ ਦੀ ਸਹੂਲਤ ਖਾਤਿਰ ਇਹ ਕੋਡ ਨਿਰਮਤ ਕੀਤੇ ਗਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਕੋਡਾਂ ਨੂੰ ਸਕੈਨ ਕਰਕੇ ਯੂਨੀਵਰਸਿਟੀ ਕੰਮ ਲਈ ਆਉਣ ਵਾਲੇ ਲੋਕ ਬਿਨਾਂ ਕਿਸੇ ਅਸੁਵਿਧਾ ਦੇ ਆਪਣੀ ਮੰਜ਼ਿਲ ਤੇ ਪਹੁੰਚ ਸਕਣਗੇ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਪੀ.ਏ.ਯੂ. ਵਿਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀ, ਉਨ੍ਹਾਂ ਦੇ ਮਾਂ ਬਾਪ, ਕਿਸਾਨਾਂ ਅਤੇ ਹੋਰ ਮਹਿਮਾਨ ਇਨ੍ਹਾਂ ਕੋਡਾਂ ਨੂੰ ਆਪਣੇ ਮੋਬਾਈਲ ’ਤੇ ਸਕੈਨ ਕਰਕੇ ਵਰਚੁਅਲੀ ਯੂਨੀਵਰਸਿਟੀ ਦੀ ਯਾਤਰਾ ਕਰ ਸਕਣਗੇ। ਇਸ ਨਾਲ ਨਾ ਸਿਰਫ ਪੁੱਛਣ ਪਛਾਈ ਦੀ ਖੇਚਲ ਖਤਮ ਹੋਵੇਗੀ ਬਲਕਿ ਸੰਬੰਧਿਤ ਵਿਅਕਤੀ ਸਮੇਂ ਸਿਰ ਆਪਣਾ ਕਾਰਜ ਕਰਵਾ ਸਕਣਗੇ।
ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸੁਰੱਖਿਆ ਦੇ ਮੱਦੇਨਜ਼ਰ ਵੀ ਇਹ ਤਕਨੀਕ ਬੇਹੱਦ ਲਾਹੇਵੰਦ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਤਕਨਾਲੋਜੀ ਆਮ ਲੋਕਾਂ ਨੂੰ ਪੀ.ਏ.ਯੂ. ਨਾਲ ਜੋੜੇਗੀ ਅਤੇ ਯੂਨੀਵਰਸਿਟੀ ਵਿਚ ਸੁਚਾਰੂ ਆਵਾਜਾਈ ਦਾ ਢੁੱਕਵਾਂ ਬਦਲ ਬਣੇਗੀ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਵਿਭਾਗਾਂ ਦੇ ਮੁਖੀ, ਮਾਹਿਰ ਅਤੇ ਵਿਦਿਆਰਥੀ ਮੌਜੂਦ ਸਨ।