ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮੌਜੂਦਾ ਟੀਮ ਨੂੰ ਅੱਜ ਇਥੇ ਸਮੇਤ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਨੂੰ ਸਮੂਹ ਗ੍ਰਾਮ ਪੰਚਾਇਤ ਰਾਮਪੁਰ ਵੱਲੋਂ ਵਿਸ਼ੇਸ਼ ਮਤਾ ਪਾ ਕੇ ਭੰਗ ਕੀਤਾ ਗਿਆ। ਪੰਚਾਇਤ ਦੇ ਅਗਲੇ ਕਿਸੇ ਵੀ ਐਲਾਨ ਤੋਂ ਪਹਿਲਾਂ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਲਾਇਬ੍ਰੇਰੀ ਵਿਚ ਕਿਸੇ ਵੀ ਕਿਸਮ ਦੀ ਗਤੀਵਿਧੀ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ।
ਸਭਾ ਦੇ ਮੌਜੂਦਾ ਸਰਪ੍ਰਸਤ ਅਤੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਸਭਾ ਨੂੰ ਭੰਗ ਕਰਨ ਦਾ ਮੁੱਖ ਕਾਰਨ ਸਭਾ ਦੇ ਅਹੁਦੇਦਾਰਾਂ ਦੀ ਆਪਸੀ ਖਿੱਚੋਤਾਣ, ਵਿਵਾਦਿਤ ਮਸਲੇ, ਸਭਾ ਨੂੰ ਚਲਾਉਣ ਵਾਲੇ ਮੈਬਰਾਂ ਵੱਲੋਂ ਸਭਾ ਛੱਡ ਦੇਣ ਕਾਰਨ, ਸੋਸ਼ਲ ਮੀਡੀਆ ’ਤੇ ਕੂੜ ਪ੍ਰਚਾਰ, ਸਭਾ ਦੇ ਝਗੜਿਆਂ ਸਬੰਧੀ ਲੰਬੇ ਸਮੇਂ ਤੋਂ ਆ ਰਹੀਆਂ ਸ਼ਿਕਾਇਤਾਂ ਹਨ। ਅਜਿਹੀਆਂ ਸਥਿਤੀਆਂ ਦਾ ਸਮੂਹ ਪੰਚਾਇਤ ਨੇ ਗੰਭੀਰ ਨੋਟਿਸ ਲਿਆ ਅਤੇ ਆਪਣੀ ਘੋਖ ਪਤੜਾਲ ਕਰਨ ਉਪਰੰਤ ਸਹੀ ਪਾਇਆ ਗਿਆ ਅਤੇ ਸੰਭਾਵੀਂ ਖਤਰੇ ਤੋਂ ਬਚਾਅ ਹਿੱਤ ਵਿਚ ਫੈਸਲਾ ਕੀਤਾ ਗਿਆ। ਇਸ ਸਬੰਧੀ ਬਲਦੇਵ ਸਿੰਘ ਝੱਜ ਨੇ ਕਿਹਾ ਕਿ ਉਹ ਆਪਣੇ ਨਿੱਜੀ ਰੁਝੇਵਿਆਂ ਕਾਰਨ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਕਾਮਨਾ ਕੀਤੀ ਕਿ ਸਭਾ ਹਰ ਪੱਖ ਤੋਂ ਤਰੱਕੀ ਕਰਦੀ ਰਹੇ।