ਪੰਜਾਬੀ ਸਾਹਿਤ ਅਕਾਦਮੀ ਵੱਲੋਂ ਹਰਜਿੰਦਰ ਸਿੰਘ ਪੱਤੜ ਨਾਲ ਰੂਬਰੂ ਸਮਾਗਮ
ਲੁਧਿਆਣਾ , 27 ਜਨਵਰੀ
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਅੱਜ ਇਥੇ ਹਰਜਿੰਦਰ ਸਿੰਘ ਪੱਤੜ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੁਰਿੰਦਰ ਕੈਲੇ ਨੇ ਕੀਤੀ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਾਰਿਆਂ ਨੂੰ ‘ਜੀ ਆਇਆਂ’ ਕਹਿੰਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਅਕਾਦਮੀ ਦੇ ਮੈਂਬਰ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਅਕਾਦਮੀ ਵੱਲੋਂ ਉਨ੍ਹਾਂ ਨੂੰ ਪਾਠਕਾਂ ਤੇ ਲੇਖਕਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ। ਇਸ ਮਗਰੋਂ ਮਨਦੀਪ ਕੌਰ ਭੰਮਰਾ ਨੇ ਸ੍ਰੀ ਪੱਤੜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਪੱਤੜ ਨੇ ਆਪਣੇ ਜੀਵਨ ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਆਪਣੇੇ ਚਾਚਾ ਤੇ ਵੱਡੇ ਸ਼ਾਇਰ ਡਾ. ਸੁਰਜੀਤ ਪਾਤਰ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਆਪਣਾ ਸਾਹਿਤਕ ਜੀਵਨ ਸ਼ੁਰੂ ਕੀਤਾ। ਸ੍ਰੀ ਪੱਤੜ ਨੇ ਦੱਸਿਆ ਕਿ ਭਾਵੇਂ ਕਵਿਤਾ ਦੀ ਗੁੜ੍ਹਤੀ ਉਨ੍ਹਾਂ ਨੂੰ ਪਿਤਾ ਨਰੈਣ ਸਿੰਘ ਤੋਂ ਮਿਲੀ ਪਰ ਕਾਲਜ ਅਧਿਆਪਕ ਪ੍ਰੋ. ਹਰਜਿੰਦਰ ਸਿੰਘ ਰਾਹੀਂ ਮਿਲੇ ਉਤਸਾਹ ਨੇ ਉਨ੍ਹਾਂ ਨੂੰ ਇਸ ਰਾਹ ’ਤੇ ਪੱਕੇ ਤੌਰ ’ਤੇ ਤੋਰਿਆ। ਉਹ ਕੈਨੇਡਾ ਵਿੱਚ ਆਪਣੇ ਸਾਥੀਆਂ ਸਮੇਤ ‘ਪੰਜਾਬੀ ਕਲਮ ਕੇਂਦਰ’ ਨਾਂ ਦੀ ਸਾਹਿਤਕ ਸੰਸਥਾ ਨੂੰ ਚਲਾ ਰਹੇ ਹਨ। ਇਸ ਸਮਾਗਮ ਵਿੱਚ ਉਪਕਾਰ ਪਾਤਰ, ਭੁਪਿੰਦਰ ਪਾਤਰ, ਚਰਨਜੀਤ ਸਿੰਘ, ਦੇਵ ਦਿਲਦਾਰ ਅਤੇ ਕਮਲਜੀਤ ਨੀਲੋਂ ਨੇ ਵੀ ਹਾਜ਼ਰੀ ਲਵਾਈ। ਸੁਰਿੰਦਰ ਕੈਲੇ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਸਮਾਗਮ ਦੇ ਅਖੀਰ ਵਿੱਚ ਅਕਾਦਮੀ ਵੱਲੋਂ ਪੁਸਤਕ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ਤੇ ਭੁਪਿੰਦਰ ਪਾਤਰ ਨੂੰ ਅਕਾਦਮੀ ਵੱਲੋਂ ਲੋਈ ਭੇਟ ਕੀਤੀ ਗਈ।
ਸਮਾਗਮ ਵਿੱਚ ਉਕਤ ਤੋਂ ਇਲਾਵਾ ਬਲਬੀਰ ਕੌਰ, ਸਤਬੀਰ ਸਿੰਘ, ਤ੍ਰੈਲੋਚਨ ਲੋਚੀ, ਚਰਨਜੀਤ ਸਿੰਘ, ਸੁਰਿੰਦਰ ਦੀਪ, ਇੰਦਰਜੀਤ ਲੋਟੇ, ਗੁਰਚਰਨ ਕੌਰ ਕੋਚਰ, ਜਸਪ੍ਰੀਤ ਕੌਰ, ਇੰਦਰਜੀਤਪਾਲ ਕੌਰ, ਅਮਰਜੀਤ ਸ਼ੇਰਪੁਰੀ, ਜਗਤਾਰ ਹਿਸੋਵਾਲ, ਜਗਪੳਲ ਜੱਗਾ, ਸੁਰਜੀਤ ਜੀਤ, ਜੁਗਿੰਦਰ ਸਿੰਘ ਕਾਂਗ, ਮਲਕੀਤ ਸਿੰਘ ਮਾਲੜਾ, ਬਲਕੌਰ ਸਿੰਘ ਗਿੱਲ, ਡਾ. ਕੁਲਵਿੰਦਰ ਕੌਰ ਮਨਹਾਸ, ਅੰਜਨਾ ਵਰਮਾ, ਬਬਲੀ ਐਸ ਸਿੰਘ ਸਮੇਤ ਬਹੁਤ ਸਾਰੇ ਸਰੋਤਿਆਂ ਅਤੇ ਸਾਹਿਤਕ ਪ੍ਰੇਮੀਆਂ ਨੇ ਹਿੱਸਾ ਲਿਆ।