ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ
ਹੜ੍ਹਾਂ ਦੀ ਮਾਰ ਹੇਠ ਅਾਏ ਇਲਾਕਿਆਂ ਵਿੱਚ ਸੇਵਾ ਬਦਲੇ ਸਨਮਾਨਿਤ ਕੀਤਾ
ਇਥੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਹੜ੍ਹਾਂ ਕਾਰਨ ਬਿਆਸ ਤੇ ਸਤਲੁਜ ਦਰਿਆਂ ਦੀ ਮਾਰ ਵਾਲੇ ਇਲਾਕਿਆਂ ਵਿੱਚ ਕੀਤੀ ਗਈ ਸੇਵਾ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਚੇਅਰਮੈਨ ਗੁਰਭਜਨ ਸਿੰਘ ਗਿੱਲ, ਜਸਵਿੰਦਰ ਕੌਰ ਗਿੱਲ, ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਤੇ ਲਵਦੀਪ ਕੌਰ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਸੀਚੇਵਾਲ ਜੀ ਨੂੰ ਪ੍ਰੋ. ਗੁਰਭਜਨ ਗਿੱਲ ਵੱਲੋਂ ਪਿਛਲੇ 50 ਸਾਲ ਦੌਰਾਨ ਲਿਖੀਆਂ ਆਪਣੀਆਂ ਅੱਠ ਗ਼ਜ਼ਲ - ਪੁਸਤਕਾਂ ਦਾ ਸੰਪੂਰਨ ਸੰਗ੍ਰਹਿ ‘ਅੱਖਰ ਅੱਖਰ’ ਭੇਟ ਕੀਤਾ ਗਿਆ।
ਪ੍ਰੋ. ਗਿੱਲ ਨੇ ਕਿਹਾ ਕਿ ਸੰਤ ਸੀਚੇਵਾਲ ਵਾਲਿਆਂ ਨੂੰ ਸੇਵਾ ਦੋਰਾਨ ਲੋਕਾਂ ਦਾ ਸਹਿਯੋਗ ਮਿਲਣ ਦਾ ਆਧਾਰ ਵੀ ਇਹੀ ਹੈ ਕਿ ਉਹ ਲੋਕਾਂ ਵਿੱਚ ਨਾ ਤਾਂ ਰਵਾਇਤੀ ਸੰਤਾਂ ਵਾਂਗ ਵਿਚਰਦੇ ਹਨ ਤੇ ਨਾ ਮੈਂਬਰ ਪਾਰਲੀਮੈਂਟ ਵਾਂਗ। ਇਹੀ ਉਨ੍ਹਾਂ ਦੀ ਵੱਡੀ ਸ਼ਕਤੀ ਹੈ ਕਿ ਉਹ ਲੋਕ ਵਿਸ਼ਵਾਸ ਨੂੰ ਨਾਲ ਲੈ ਕੇ ਤੁਰਦੇ ਹਨ। ਸੰਤ ਸੀਚੇਵਾਲ ਨੇ ਲੁਧਿਆਣਾ ਫੇਰੀ ਦੌਰਾਨ ਪ੍ਰੋ. ਗਿੱਲ ਨਾਲ ਬੁੰਢਾ ਦਰਿਆ ਸਫ਼ਾਈ ਮੁਹੰਮ ਬਾਰੇ ਵਿਚਾਰ -ਚਰਚਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਵਿਗਿਆਨਕ ਨਜ਼ਰੀਏ ਦੀ ਉਸਾਰੀ ਬਗੈਰ ਇਸ ਪ੍ਰਦੂਸ਼ਤ ਜਲ ਸੋਮੇ ਤੋਂ ਮੁਕਤੀ ਹਾਸਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਪਿਛਲੇ ਸੰਖੇਪ ਅਰਸੇ ਦੌਰਾਨ ਰਾਜਪਾਲ ਪੰਜਾਬ ਦੀ ਇਹ ਪੰਜਵੀਂ ਫੇਰੀ ਹੈ ਜਿਸ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਤੇ ਨਗਰ ਨਿਗਮ ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੂੰ ਪੂਰੀ ਤਨਦੇਹੀ ਨਾਲ ਇਸ ਪ੍ਰਾਜੈਕਟ ਨੂੰ ਸੰਪੂਰਨ ਕਰਨ ਦੀ ਹਦਾਇਤ ਕੀਤੀ ਹੈ। ਸੰਤ ਸੀਚੇਵਾਲ ਨੇ ਕਿਹਾ ਹਰ ਤਰ੍ਹਾਂ ਦੇ ਪ੍ਰਦੂਸ਼ਣ ਖ਼ਿਲਾਫ਼ ਯੂਨੀਵਰਸਿਟੀ, ਕਾਲਜਾਂ ਤੇ ਸਕੂਲਾਂ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਲੋਕ ਚੇਤਨਾ ਲਹਿਰ ਉਸਾਰਨੀ ਚਾਹੀਦੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਬਹੁਤ ਹੀ ਮਾਮੂਲੀ ਹਨ। ਦੋਆਬੇ ਤੇ ਮਾਲਵੇ ਦਾ ਆਲੂ ਉਤਪਾਦਕ ਖੇਤਰ ਦਾ ਕਿਸਾਨ ਪਰਾਲੀ ਨੂੰ ਪੈਲੀ ਵਿੱਚ ਹੀ ਵਾਹ ਰਿਹਾ ਹੈ। ਦਿੱਲੀ ਸਰਕਾਰ ਵੱਲੋਂ ਆਪਣਾ ਪ੍ਰਦੂਸ਼ਣ ਪੰਜਾਬ ਸਿਰ ਮੜ੍ਹਨ ਦੀ ਨਿੰਦਿਆ ਕਰਦਿਆਂ ਉਨ੍ਹਾਂ ਕਿਹਾ ਕਿ ਆਪਣਾ ਘਰ ਸੰਵਾਰਨ ਦੀ ਥਾਂ ਹੋਰ ਸੂਬਿਆਂ ਤੇ ਇਲਜ਼ਾਮ ਲਾਉਣੇ ਚੰਗੀ ਰਵਾਇਤ ਨਹੀਂ। ਪੰਜਾਬ ਦਾ ਧੂੰਆਂ ਛੜੱਪਾ ਮਾਰ ਕੇ ਹਰਿਆਣਾ ਉਲੰਘ ਕੇ ਕਿਵੇਂ ਦਿੱਲੀ ਪਹੁੰਚਦਾ ਹੈ, ਇਸ ਦੀ ਵਾਤਾਵਰਣ ਮੰਤਰਾਲੇ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ।

