ਪੰਜਾਬੀ ਵਿਕਾਸ ਮੰਚ ਨੇ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਆਮ ਲੋਕਾਂ ਤੋਂ ਕਰੋੜਾਂ ਰੁਪਏ ਗਊ ਸੈਸ ਦੇ ਰੂਪ ਵਿੱਚ ਲੈਣ ਦੇ ਬਾਵਜ਼ੂਦ ਆਵਾਰਾ ਗਊਆਂ ਤੇ ਹੋਰ ਪਸ਼ੂਆਂ ਤੋਂ ਲੋਕਾਂ ਨੂੰ ਬਚਾਉਣ ਵਿੱਚ ਨਾਕਾਮ ਸਾਬਿਤ ਹੋਈਆਂ ਹਨ। ਮੰਚ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਆਵਾਰਾ ਗਊਆਂ ਅਤੇ ਹੋਰ ਪਸ਼ੂਆਂ ਦੀ ਸਮੱਸਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਸਲੂਜਾ ਨੇ ਕਿਹਾ ਕਿ ਆਵਾਰਾ ਪਸ਼ੂਆਂ ਨੂੰ ਨਾ ਸੰਭਾਲਣ ਕਰਕੇ ਸੈਂਕੜੇ ਹਾਦਸੇ ਨਿੱਤ ਦਿਨ ਵਾਪਰ ਰਹੇ ਹਨ ਜਿਨ੍ਹਾਂ ਵਿੱਚ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸਦੀ ਤਾਜ਼ਾ ਮਿਸਾਲ ਉੱਘੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਆਵਾਰਾ ਪਸ਼ੂ ਵਿੱਚ ਮੋਟਰਸਾਈਕਲ ਵੱਜਣ ਨਾਲ਼ ਦੁਖਦਾਇਕ ਮੌਤ ਦਾ ਸ਼ਿਕਾਰ ਹੋਣ ਦੀ ਦੁੱਖਦਾਈ ਘਟਨਾ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਦੀ ਅਚਨਚੇਤ ਮੌਤ ਦਾ ਸਮੁੱਚੇ ਪੰਜਾਬੀ ਜਗਤ ਨੂੰ ਅਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ ਸਲੂਜਾ ਨੇ ਜਿਥੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਗਾਂ, ਮੱਝ ਜਾਂ ਬਲਦ ਉਨ੍ਹਾਂ ਦੇ ਕੰਮ ਦੇ ਨਹੀਂ ਰਹਿੰਦੇ ਤਾਂ ਉਨ੍ਹਾਂ ਨੂੰ ਰਾਤ ਦੇ ਹਨੇਰੇ ਵਿੱਚ ਸ਼ਹਿਰਾਂ ਦੀਆਂ ਸੜਕਾਂ ਤੇ ਹਾਈਵੇ ਤੇ ਛੱਡਣ ਦੀ ਬਜਾਏ ਇਨਸਾਨੀਅਤ ਦੇ ਨਾਤੇ ਉਨ੍ਹਾਂ ਦੀ ਸੇਵਾ ਕਰਨ ਕਿਉਂਕਿ ਜਿਨ੍ਹਾਂ ਤੋਂ ਉਨ੍ਹਾਂ ਨੇ ਸਾਰੀ ਜ਼ਿੰਦਗੀ ਫ਼ਾਇਦਾ ਲਿਆ ਹੈ ਅਤੇ ਸਰਕਾਰਾਂ ਵੀ ਜਦੋਂ ਆਮ ਜਨਤਾ ਤੋਂ ਕਰੋੜਾਂ ਰੁਪਏ ਗਊ ਸੈਸ ਇਕੱਠਾ ਕਰਦੀਆਂ ਹਨ ਤਾਂ, ਇਨ੍ਹਾਂ ਆਵਾਰਾ ਪਸ਼ੂਆਂ ਨੂੰ ਸੰਭਾਲਣ ਦਾ ਉਪਰਾਲਾ ਕਰਨ ਤਾਂ ਕਿ ਨਿੱਤ ਦਿਨ ਹੋਣ ਵਾਲੇ ਹਾਦਸੇ ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਤੇ ਆਮ ਲੋਕ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ,ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।