ਪੰਜਾਬ ਟੈਕਸ ਬਾਰ ਐਸੋਸੀਏਸ਼ਨ ਅਤੇ ਵਪਾਰਕ ਜਥੇਬੰਦੀਆਂ ਦਾ ਧਰਨਾ ਰੱਦ
ਟੈਕਸੇਸ਼ਨ ਕਮਿਸ਼ਨਰ ਵੱਲੋਂ 31 ਤੱਕ ਮਸਲਾ ਹੱਲ ਕਰਨ ਦਾ ਭਰੋਸਾ
ਟੈਕਸੇਸ਼ਨ ਕਮਿਸ਼ਨਰ ਪੰਜਾਬ ਜਤਿੰਦਰ ਜੋਰਵਾਲ ਨੇ ਪੰਜਾਬ ਟੈਕਸ ਬਾਰ ਐਸੋਸੀਏਸ਼ਨ ਅਤੇ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਹੈ ਕਿ ਵਪਾਰੀਆਂ ਅਤੇ ਟੈਕਸ ਪੇਸ਼ੇਵਰਾਂ ਦੇ ਜੀ ਐੱਸ ਟੀ ਅਤੇ ਵੈਟ ਦੇ ਬਕਾਏ ਦਾ ਨਿਬੇੜਾ 31 ਦਸੰਬਰ ਤੱਕ ਕੀਤਾ ਜਾਵੇਗਾ। ਟੈਕਸੇਸ਼ਨ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਪੰਜਾਬ ਟੈਕਸ ਬਾਰ ਐਸੋਸੀਏਸ਼ਨ ਵੱਲੋਂ 12 ਦਸੰਬਰ ਦਾ ਸੂਬਾਈ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।
ਜਥੇਬੰਦੀ ਦੀ ਅੱਜ ਇੱਥੇ ਅਨਿਲ ਸਰੀਨ ਪ੍ਰਧਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਦਾ ਮੁੱਖ ਉਦੇਸ਼ ਪੰਜਾਬ ਭਰ ਦੇ ਵਪਾਰੀਆਂ ਅਤੇ ਟੈਕਸ ਪੇਸ਼ੇਵਰਾਂ ਨੂੰ ਦਰਪੇਸ਼ ਲੰਬੇ ਸਮੇਂ ਤੋਂ ਬਕਾਇਆ ਰਿਫੰਡਾਂ ਦੀ ਸਮੱਸਿਆ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ। ਇਸ ਮੀਟਿੰਗ ਦੌਰਾਨ ਜਥੇਬੰਦੀ ਨੇ ਰਿਫੰਡਾਂ ਵਿੱਚ ਹੋ ਰਹੀ ਦੇਰੀ ਅਤੇ ਫਾਈਲਾਂ ਦੀ ਲਟਕਣ ਕਾਰਨ ਪੈਦਾ ਹੋ ਰਹੀਆਂ ਗੰਭੀਰ ਸਮੱਸਿਆਵਾਂ ਨੂੰ ਵਿਸਥਾਰ ਨਾਲ ਰੱਖਿਆ। ਇਸ ਮੌਕੇ ਸਭ ਪੈਂਡਿੰਗ ਰਿਫੰਡ ਕੇਸਾਂ ਦੇ ਸਮੇਂ-ਬੱਧ ਨਿਪਟਾਰੇ ਦੀ ਲੋੜ ’ਤੇ ਖ਼ਾਸ ਜ਼ੋਰ ਦਿੱਤਾ ਗਿਆ।
ਅਨਿਲ ਸਰੀਨ ਨੇ ਦੱਸਿਆ ਕਿ ਟੈਕਸੇਸ਼ਨ ਕਮਿਸ਼ਨਰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਸਤੰਬਰ 2025 ਤੱਕ ਦੀਆਂ ਸਾਰੀਆਂ ਬਕਾਇਆ ਰਿਫੰਡ ਫਾਈਲਾਂ 15 ਦਸੰਬਰ 2025 ਤੱਕ, ਜਦਕਿ ਨਵੰਬਰ 2025 ਤੱਕ ਦੀਆਂ ਸਾਰੀਆਂ ਪੈਂਡਿੰਗ ਫਾਈਲਾਂ 31 ਦਸੰਬਰ 2025 ਤੱਕ ਨਿਪਟਾ ਦਿੱਤੀਆਂ ਜਾਣਗੀਆਂ।

