Punjab News - SSP Vigilence Suspended: ਸਰਕਾਰ ਨੇ ਆਸ਼ੂ ਨੂੰ ਸੰਮਨ ਭੇਜਣ ਵਾਲੇ SSP ਵਿਜੀਲੈਂਸ ਲੁਧਿਆਣਾ ਨੂੰ ਕੀਤਾ ਮੁਅੱਤਲ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਫਾਇਦਾ ਪਹੁੰਚਾਉਣ ਲਈ ਐਸਐਸਪੀ ਨੇ ਆਸ਼ੂ ਨਾਲ ਗੁਪਤ ਮੀਟਿੰਗ ਤੋਂ ਬਾਅਦ ਜਾਰੀ ਕੀਤਾ ਸੀ ਸੰਮਨ
ਗਨਗਦੀਪ ਅਰੋੜਾ
ਲੁਧਿਆਣਾ, 6 ਜੂਨ
ਨਿਊ ਹਾਈ ਸਕੂਲ ਵਿੱਚ ਹੋਏ 2400 ਕਰੋੜ ਦੇ ਘੁਟਾਲੇ ਦੇ ਮਾਮਲੇ ਵਿੱਚ ਚੋਣਾਂ ਦੌਰਾਨ ਭਾਰਤ ਭੂਸ਼ਣ ਆਸ਼ੂ ਨੂੰ ਕਥਿਤ ਤੌਰ ’ਤੇ ‘ਹਮਰਦੀ ਵਜੋਂ ਫ਼ਾਇਦਾ ਪਹੁੰਚਾਉਣ ਲਈ’ ਸੰਮਨ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਲੁਧਿਆਣਾ ਜਗਤਪ੍ਰੀਤ ਸਿੰਘ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਗ਼ੌਰਤਲਬ ਹੈ ਕਿ ਆਸ਼ੂ ਪੰਜਾਬ ਵਿਧਾਨ ਸਭਾ ਦੇ ਲੁਧਿਆਣਾ ਪੱਛਮੀ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਭਾਰਤ ਭੂਸ਼ਣ ਆਸ਼ੂ ਨੂੰ ਵਿਜਲੈਂਸ ਬਿਊਰੋ ਨੇ ਨਿਊ ਹਾਈ ਸਕੂਲ ਦੇ ਘਪਲੇ ’ਚ ਜਿਹੜੇ ਸੰਮਨ ਭੇਜੇ ਸਨ, ਉਹ ਐਸਐਸਪੀ ਨੇ ਖੁਦ ਆਪਣੇ ਪੱਧਰ ’ਤੇ ਹੀ ਭੇਜੇ ਹਨ। ਇਹ ਵੀ ਪਤਾ ਲੱਗਾ ਹੈ ਕਿ ਭਾਰਤ ਭੂਸ਼ਣ ਆਸ਼ੂ ਤੇ ਐਸਐਸਪੀ ਦੀ ਪਿਛਲੇ ਦਿਨਾਂ ਤੋਂ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ।
ਇਹ ਸੰਮਨ ਉਸ ਨੇ ਉਸ ਸਮੇਂ ਭੇਜੇ ਗਏ ਜਦੋਂ ਲੁਧਿਆਣਾ ਜ਼ਿਮਨੀ ਚੋਣ ਦਾ ਪ੍ਰਚਾਰ ਜ਼ੋਰਾਂ ’ਤੇ ਹੈ। ਸੂਤਰਾਂ ਮੁਤਾਬਕ ਸਰਕਾਰ ਨੂੰ ਖ਼ੁਫੀਆ ਤੰਤਰ ਰਾਹੀਂ ਜਾਣਕਾਰੀ ਮਿਲੀ ਸੀ ਕਿ ਐਸਐਸਪੀ ਨੇ ਬੀਤੇ ਦਿਨੀਂ ਆਸ਼ੂ ਨਾਲ ਗੁਪਤ ਮੀਟਿੰਗ ਵੀ ਕੀਤੀ ਹੈ ਤੇ ਉਨ੍ਹਾਂ ਨੂੰ ਜ਼ਿਮਨੀ ਚੋਣ ਵਿੱਚ ਸਿੱਧੇ ਤੌਰ ’ਤੇ ਫਾਇਦਾ ਪਹੁੰਚਾਉਣ ਲਈ ਇਹ ਸੰਮਨ ਜਾਰੀ ਕੀਤੇ ਸਨ।
ਜਾਣਕਾਰੀ ਮੁਤਾਬਕ ਫਿਲਹਾਲ ਸਰਕਾਰ ਨੇ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਮੁਅੱਤਲ ਕ ਦਿੱਤਾ ਹੈ। ਉਂਝ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਅਧਾਕਾਰਤ ਪੁਸ਼ਟੀ ਨਹੀਂ ਹੋਈ ਹੈ।