Punjab News ਨਗਰ ਨਿਗਮ ਲੁਧਿਆਣਾ ਦੀ ਦੋ ਸਾਲਾਂ ਬਾਅਦ ਅੱਜ ਹੋਵੇਗੀ ਠੇਕਾ ਤੇ ਵਿੱਤ ਕਮੇਟੀ ਦੀ ਮੀਟਿੰਗ
ਗਗਨਦੀਪ ਅਰੋੜਾ
ਲੁਧਿਆਣਾ, 14 ਫਰਵਰੀ
Ludhiana MC ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ ਮੇਅਰ ਚੁਣੇ ਜਾਣ ਤੋਂ ਬਾਅਦ ਅੱਜ ਦੋ ਸਾਲਾਂ ਬਾਅਦ ਨਗਰ ਨਿਗਮ ਦੇ ਠੇਕਾ ਤੇ ਵਿੱਤ ਕਮੇਟੀ ਦੀ ਮੀਟਿੰਗ ਹੋਵੇਗੀ ਜਿਸ ਦੀ ਪ੍ਰਧਾਨਗੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਕਰਨਗੇ।
ਮੀਟਿੰਗ ਵਿੱਚ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ ਸ਼ਾਮਲ ਹੋਣਗੇ। ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਇਸ ਮੀਟਿੰਗ ਵਿੱਚ ਕਮੇਟੀ ਸ਼ਹਿਰ ਦੇ ਕਈ ਵੱਡੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦੇ ਸਕਦੀ ਹੈ। ਹਾਲਾਂਕਿ ਇਸ ਕਮੇਟੀ ਦਾ ਪੂਰਾ ਗਠਨ ਨਹੀਂ ਹੋਇਆ, ਪਰ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਤਿੰਨੋਂ ਇਸ ਦੇ ਮੈਂਬਰ ਹੁੰਦੇ ਹਨ, ਇਸ ਕਰਕੇ ਇਹ ਮੀਟਿੰਗ ਕਰ ਸਕਦੇ ਹਨ।
ਦੱਸ ਦਈਏ ਕਿ ਪਿਛਲੇ ਨਗਰ ਨਿਗਮ ਦੇ ਹਾਊਸ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਟੈਕਨੀਕਲ ਐਡਵਾਈਜ਼ਰ ਕਮੇਟੀ ਹੀ ਵਿਕਾਸ ਕਾਰਜਾਂ ਨੂੰ ਪਾਸ ਕਰ ਰਹੀ ਹੈ। ਹੁਣ ਹਾਊਸ ਦੇ ਚੁਣੇ ਜਾਣ ਤੋਂ ਬਾਅਦ ‘ਆਪ’ ਦੇ ਮੇਅਰ ਤੇ ਕੌਂਸਲਰਾਂ ਦੀ ਇਹ ਪਲੇਠੀ ਠੇਕਾ ਤੇ ਵਿੱਤ ਕਮੇਟੀ ਦੀ ਮੀਟਿੰਗ ਹੈ ਜਿਸ ਵਿੱਚ ਕਈ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਜਾਏਗੀ।
ਮੇਅਰ ਇੰਦਰਜੀਤ ਕੌਰ ਪਹਿਲੀ ਵਾਰ ਇਸ ਕਮੇਟੀ ਦੀ ਮੀਟਿੰਗ ਲੈਣਗੇ ਜਿਸ ਵਿੱਚ ਪੁਰਾਣੀ ਸਬਜ਼ੀ ਮੰਡੀ ਨੇੜੇ ਗਲੀਆਂ ਬਣਨ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਉਸ ਤੋਂ ਇਲਾਵਾ ਸ਼ਿਵਪੁਰੀ ਤੋਂ ਜੈਨ ਨਗਰ ਨਿਗਮ ਤੱਕ ਆਰਸੀਸੀ ਦੀ ਦੀਵਾਰ ਬਣਾਉਣ ਦੇ ਕੰਮ ਨੂੰ ਹਰੀ ਝੰਡੀ ਲਈ ਪੇਸ਼ ਕੀਤਾ ਜਾਏਗਾ।
ਇਸ ਦੇ ਨਾਲ ਹੀ ਸ਼ਿਵਪੁਰੀ ਨੇੜੇ ਬੁੱਢਾ ਦਰਿਆ ’ਤੇ ਪੁਲ ਬਣਾਉਣ ਦਾ ਕੰਮ, ਮੰਨਾ ਸਿੰਘ ਨਗਰ ਇਲਾਕੇ ਵਿੱਚ ਬੁੱਢੇ ਦਰਿਆ ’ਤੇ ਪੁੱਲ ਬਣਾਉਣ ਦਾ ਕੰਮ, ਵਰਕਸ਼ਾਪ ਦੇ ਦੋ ਹੈਲਪਰਾਂ ਦੇ ਸੇਵਾਕਾਲ ਵਿੱਚ ਇੱਕ ਸਾਲ ਦਾ ਵਾਧਾ ਆਦਿ ਕਈ ਕੰਮਾਂ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ।