ਪੰਜਾਬ ਸਰਕਾਰ ਸੂਬੇ ਨੂੰ ਪੁਲੀਸ ਰਾਜ ਬਣਾਉਣ ਦੇ ਰਾਹ ਪਈ: ਢੁੱਡੀਕੇ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਜੁਲਾਈ
ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਨਜ਼ਦੀਕੀ ਪਿੰਡ ਮਾਣੂੰਕੇ ਵਿੱਚ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਪੁਲੀਸ ਰਾਜ ਵਿੱਚ ਬਦਲਣ ਲੱਗੀ ਹੈ ਜਿਸ ਦੇ ਵਿਰੁੱਧ 25 ਜੁਲਾਈ ਨੂੰ ਸੰਗਰੂਰ ਵਿਖੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਵੱਡੀ ਰੈਲੀ ਤੇ ਮੁਜ਼ਾਹਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨਾਲ ਮੀਟਿੰਗ ਕਰਨ ਗਏ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਫੇਰ ਮੀਟਿੰਗ ਲਈ ਗਏ ਮਜ਼ਦੂਰ ਯੂਨੀਅਨ ਦੇ ਆਗੂਆਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਧੱਕੇ ਨਾਲ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰਨਾ ਚਾਹੁੰਦੀ। ਪੰਜਾਬ ਨੂੰ ਪੁਲੀਸ ਰਾਜ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਭਗਵੰਤ ਮਾਨ ਸਰਕਾਰ ਦੀ ਪੂਰੀ ਸਹਿਮਤੀ ਨਜ਼ਰ ਆਉਂਦੀ ਹੈ। ਪੁਲੀਸ ਝੂਠੇ ਮੁਕਾਬਲੇ ਬਣਾ ਰਹੀ ਹੈ ਤੇ ਪੁਲੀਸ ਹਿਰਾਸਤ ਵਿੱਚ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਿਸੇ ਨੂੰ ਵੀ ਇਨਸਾਫ਼ ਨਹੀਂ ਮਿਲਾ। ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਤੇ ਸਕੱਤਰ ਬਲਵਿੰਦਰ ਸਿੰਘ ਕੋਠੇ ਪੋਨਾ ਨੇ ਕਿਹਾ ਕਿ ਸੰਗਰੂਰ ਰੈਲੀ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਕਿਸਾਨ, ਮਜ਼ਦੂਰ ਸ਼ਾਮਲ ਹੋਣਗੇ। ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਰਮਨਜੀਤ ਝੋਰੜਾਂ, ਸੁਖਦੇਵ ਸਿੰਘ ਚਕਰ, ਜਿੰਦਰ ਮਾਣੂੰਕੇ, ਜਗਰੂਪ ਸਿੰਘ ਗਿੱਲ, ਨਿਰਮਲ ਸਿੰਘ ਫੈਰੂਰਾਈਂ, ਚਰਨਜੀਤ ਭੰਮੀਪੁਰਾ, ਸੁਖਜੀਤ ਸਿੰਘ, ਜਲੌਰ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਪਰਮੋਦ ਕੁਮਾਰ, ਗੁਰਚਰਨ ਸਿੰਘ, ਬਚਨ ਸਿੰਘ ਤੇ ਹੋਰ ਹਾਜ਼ਰ ਸਨ।
ਦਾਖਾ ਵਿੱਚ 19 ਨੂੰ ਜੋਗਿੰਦਰ ਸਿੰਘ ਉਗਰਾਹਾਂ ਕਰਨਗੇ ਸੰਬੋਧਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇਕੱਤਰਤਾ ਨੇੜਲੇ ਪਿੰਡ ਮਲਕ ਵਿੱਚ ਸਰਪੰਚ ਜਗਤਾਰ ਸਿੰਘ ਦੇ ਫਾਰਮ ਹਾਊਸ ਵਿਚ ਹੋਈ। ਮੀਟਿੰਗ ਵਿੱਚ ਮਲਕ ਤੋਂ ਇਲਾਵਾ ਪੋਨਾ ਤੇ ਅਲੀਗੜ੍ਹ ਦੇ ਕਿਸਾਨ ਸ਼ਾਮਲ ਹੋਏ। ਇਸ ਵਿੱਚ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਵਾਪਸ ਲੈਣ ਦੀ ਮੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ 19 ਜੁਲਾਈ ਨੂੰ ਪਿੰਡ ਦਾਖਾ ਵਿਚ ਇਸ ਨੀਤੀ ਖ਼ਿਲਾਫ਼ ਰੱਖੀ ਮੀਟਿੰਗ ਵਿੱਚ ਪੁੱਜਣਗੇ। ਸੂਬਾਈ ਆਗੂ ਸੁਦਾਗਰ ਸਿੰਘ ਘੁਡਾਣੀ, ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਜਸਵੰਤ ਸਿੰਘ ਭੱਟੀਆਂ ਤੇ ਸਕੱਤਰ ਅਮਰੀਕ ਸਿੰਘ ਭੂੰਦੜੀ ਨੇ ਕਿਹਾ ਜ਼ਿਲ੍ਹੇ ਦੇ 32 ਪਿੰਡਾਂ ਦੀ 24311 ਏਕੜ ਜਬਰਨ ਲੈਣ ਵਾਲੀ ਇਸ ਨੀਤੀ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਯੁਵਰਾਜ ਸਿੰਘ ਘੁਡਾਣੀ, ਨਾਜ਼ਰ ਸਿੰਘ ਸਿਆੜ, ਪਰਮਜੀਤ ਸਿੰਘ ਸਵੱਦੀ, ਰਾਮਸ਼ਰਨ ਸਿੰਘ, ਤੀਰਥ ਸਿੰਘ ਹਾਜ਼ਰ ਸਨ।