ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਦੀ ਵੀਅਤਨਾਮੀ ਵਫ਼ਦ ਨਾਲ ਮੀਟਿੰਗ
ਲੁਧਿਆਣਾ, 2 ਮਾਰਚ
ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਪੰਜਾਬ ਮਾਰਕਫੈੱਡ, ਮਿਲਕਫ਼ੈਡ ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਉਤਪਾਦਾਂ ਨੂੰ ਵੀਅਤਨਾਮ ਭੇਜਣ ਲਈ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਅੱਜ ਇੱਥੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਐਮਐਸਐਮਈ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਵੀਅਤਨਾਮੀ ਵਫ਼ਦ ਨਾਲ ਫੂਡ ਕਮਿਸ਼ਨ ਦੀ ਇੱਕ ਮੀਟਿੰਗ ਦਿੱਲੀ ਵਿੱਖੇ ਹੋਈ ਹੈ ਜਿਸ ਵਿੱਚ ਵੀਅਤਨਾਮ ਨੂੰ ਪੰਜਾਬ ਦੇ ਉੱਚ ਪੱਧਰੀ ਅਦਾਰਿਆਂ ਦੇ ਫਲਾਂ, ਸਬਜ਼ੀਆਂ, ਸ਼ਹਿਦ ਅਤੇ ਹੋਰ ਅਨਾਜ ਪਦਾਰਥਾਂ ਦੀ ਨਿਰਯਾਤ ਸਬੰਧੀ ਗੱਲਬਾਤ ਕੀਤੀ ਗਈ ਹੈ। ਇਹ ਮੀਟਿੰਗ ਐੱਮਐੱਸਐੱਮਈ ਵਿਭਾਗ ਦਿੱਲੀ ਦੇ ਉੱਪ ਪ੍ਰਧਾਨ ਸ੍ਰੀ ਦਲਾਲ ਅਤੇ ਪੰਜਾਬ ਇੰਚਾਰਜ ਸ਼ਵਿੰਦਰ ਸਿੰਘ ਮਿਨਹਾਸ ਦੇ ਖਾਸ ਯਤਨਾਂ ਸਦਕਾ ਹੋਈ।
ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਵੀਅਤਨਾਮੀ ਵਫ਼ਦ ਨੂੰ ਜਦੋਂ ਪੰਜਾਬ ਦੀਆਂ ਤਾਜ਼ੀਆਂ ਸਬਜ਼ੀਆਂ, ਫਲਾਂ, ਚਾਵਲ, ਸ਼ਹਿਦ ਅਤੇ ਮਸਾਲਿਆਂ ਅਤੇ ਪੰਜਾਬ ਦੇ ਮੌਸਮ ਅਤੇ ਮੌਸਮੀ ਕਾਸ਼ਤਕਾਰੀ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਇਸ ਵਿੱਚ ਵਿਸ਼ੇਸ਼ ਰੁਚੀ ਦਿਖਾਈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜਾਬ ਮਾਰਕਫੈੱਡ, ਮਿਲਕਫ਼ੈਡ ਅਤੇ ਬਾਗਬਾਨੀ ਵਿਭਾਗ ਪੰਜਾਬ ਨਾਲ ਤਾਲਮੇਲ ਕਰਕੇ ਵਿਅਤਨਾਮੀ ਵਫ਼ਦ ਦਾ ਪੰਜਾਬ ਦੌਰਾ ਕਰਾਇਆ ਜਾਵੇਗਾ।
ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਮਾਰਕਫੈੱਡ ਦਾ ਸ਼ਹਿਦ ਲੈਬ ਟੈਸਟਾਂ ਵਿੱਚੋਂ ਪਹਿਲੇ ਨੰਬਰ ਤੇ ਆਇਆ ਹੈ ਅਤੇ ਪੰਜਾਬ ਵਿੱਚੋਂ ਇਸਦੇ ਨਿਰਯਾਤ ਦੀਆਂ ਬਹੁਤ ਸੰਭਾਵਨਾਵਾਂ ਬਣ ਸਕਦੀਆਂ ਹਨ। ਜਿਸ ਲਈ ਇਸ ਮੀਟਿੰਗ ਵਿੱਚੋਂ ਬਹੁਤ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਮੀਟਿੰਗ ਵਿੱਚ ਅਪੇਡਾ ਦੇ ਡਿਪਟੀ ਮੈਨੇਜਰ ਵਿਜੈ ਮਾਨ ਪ੍ਰਕਾਸ਼, ਖੇਤਰੀ ਪ੍ਰਬੰਧਕ ਹਰਪ੍ਰੀਤ ਸਿੰਘ ਅਤੇ ਜਨਰਲ ਮੈਨੇਜਰ ਸ਼੍ਰੀ ਵਿਦਿਆਰਥੀ ਵੀ ਪ੍ਰਮੁੱਖ ਤੌਰ ਤੇ ਹਾਜ਼ਰ ਸਨ।