ਪੰਜਾਬ ਐਂਡ ਸਿੰਧ ਬੈਂਕ ਲੁੱਟਣ ਦੀ ਗੁੱਥੀ ਸੁਲਝੀ
ਨਿੱਜੀ ਪੱਤਰ ਪ੍ਰੇਰਕ ਖੰਨਾ, 14 ਜੂਨ ਇਥੋਂ ਦੇ ਨੇੜਲੇ ਪਿੰਡ ਬਗਲੀ ਦੇ ਪੰਜਾਬ ਐਂਡ ਸਿੰਧ ਬੈਂਕ ਵਿਚ ਤਿੰਨ ਦਿਨ ਪਹਿਲਾਂ ਹਥਿਆਰਾਂ ਦੀ ਨੋਕ ’ਤੇ ਨਗਦੀ ਲੁੱਟਣ ਵਾਲੇ ਗਰੋਹ ਦੇ ਮੈਂਬਰਾਂ ਨੂੰ ਪੁਲੀਸ ਨੇ 48 ਘੰਟਿਆਂ ਵਿਚ ਕਾਬੂ ਕਰਕੇ ਉਨ੍ਹਾਂ ਪਾਸੋਂ...
ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਜੂਨ
ਇਥੋਂ ਦੇ ਨੇੜਲੇ ਪਿੰਡ ਬਗਲੀ ਦੇ ਪੰਜਾਬ ਐਂਡ ਸਿੰਧ ਬੈਂਕ ਵਿਚ ਤਿੰਨ ਦਿਨ ਪਹਿਲਾਂ ਹਥਿਆਰਾਂ ਦੀ ਨੋਕ ’ਤੇ ਨਗਦੀ ਲੁੱਟਣ ਵਾਲੇ ਗਰੋਹ ਦੇ ਮੈਂਬਰਾਂ ਨੂੰ ਪੁਲੀਸ ਨੇ 48 ਘੰਟਿਆਂ ਵਿਚ ਕਾਬੂ ਕਰਕੇ ਉਨ੍ਹਾਂ ਪਾਸੋਂ 8 ਲੱਖ 75 ਹਜ਼ਾਰ ਰੁਪਏ ਅਤੇ ਵਾਹਨ ਬਰਾਮਦ ਕੀਤਾ ਹੈ। ਪੁਲੀਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਆਈ) ਸੌਰਵ ਜਿੰਦਲ, ਡੀਐਸਪੀ ਤਰਲੋਚਨ ਸਿੰਘ, ਡੀਐਸਪੀ (ਡੀ) ਸੁਖਅੰਮ੍ਰਿਤ ਸਿੰਘ ਨੇ ਪੁਲੀਸ ਪਾਰਟੀ ਨਾਲ ਤਕਨੀਕੀ ਢੰਗ ਨਾਲ ਜਾਂਚ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ 11 ਜੂਨ ਨੂੰ ਪੰਜਾਬ ਐਂਡ ਸਿੰਧ ਬੈਂਕ ਦੀ ਬਗਲੀ ਕਲਾਂ ਬ੍ਰਾਂਚ ਵਿਚੋਂ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਅਸਲੇ ਦੇ ਜ਼ੋਰ ’ਤੇ ਬੈਂਕ ਵਿਚੋਂ 15 ਲੱਖ 92 ਹਜ਼ਾਰ 500 ਰੁਪਏ ਲੁੱਟੇ ਗਏ ਸਨ। ਪੁਲੀਸ ਨੇ ਟੈਕਨੀਕਲ ਸੈਲ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਕਰੀਬ 100 ਕਿਲੋਮੀਟਰ ਦੇ ੲਰੀਏ ਵਿਚ ਪੈਂਦੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਿਸ ’ਤੇ ਉਨ੍ਹਾਂ ਵੱਲੋਂ ਵਰਤਿਆ ਮੋਟਰਸਾਈਕਲ ਲੁਧਿਆਣਾ ਸ਼ਹਿਰ ਵਿਚੋਂ ਬਰਾਮਦ ਹੋਇਆ।
ਤਫਤੀਸ਼ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਵਾਰਦਾਤ ਸਮੇਂ ਵਰਤਿਆ ਮੋਟਰ ਸਾਈਕਲ ਲੁਧਿਆਣਾ ਸ਼ਹਿਰ ਵਿਚ ਛੱਡਣ ਉਪਰੰਤ ਜਲੰਧਰ ਤੋਂ ਔਡੀ ਕਾਰ ਖਰੀਦ ਕੇ ਫਰਾਰ ਹੋ ਗਏ। ਪੁਲੀਸ ਟੀਮਾਂ ਨੇ ਇਸ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਵਾਸੀ ਰਿਆੜ ਅਜਨਾਲਾ, ਗੁਰਮੀਨ ਸਿੰਘ ਉਰਫ਼ ਨੋਨਾ ਵਾਸੀ ਕੋਟਲੀ (ਅੰਮ੍ਰਿਤਸਰ), ਜਗਦੀਸ਼ ਸਿੰਘ ਉਰਫ਼ ਗੁਲਾਬਾ ਵਾਸੀ ਸਰਾਏ (ਅੰਮ੍ਰਿਤਸਰ) ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 8 ਲੱਖ 75 ਹਜ਼ਾਰ ਰੁਪਏ ਨਗਦ ਅਤੇ ਔਡੀ ਕਾਰ ਬਰਾਮਦ ਕੀਤੀ।
ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਆਦਮਪੁਰ ਅਤੇ ਫਿਲੌਰ ਦੇ 3 ਪੈਟਰੋਲ ਪੰਪਾਂ ’ਤੇ ਹਥਿਆਰਾਂ ਦੇ ਜ਼ੋਰ ਨਾਲ ਲੁੱਟ ਕੀਤੀ ਗਈ।

