ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਜੂਨ
ਇਨਕਲਾਬੀ ਕੇਂਦਰ ਪੰਜਾਬ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਫ਼ਲਸਤੀਨੀ ਲੋਕਾਂ ਉਪਰ ਦੋ ਸਾਲਾਂ ਤੋਂ ਅਮਰੀਕਾ-ਇਜ਼ਰਾਈਲ ਗੱਠਜੋੜ ਵੱਲੋਂ ਢਾਹੇ ਜਾ ਰਹੇ ਜਬਰ, ਵਹਿਸ਼ੀ ਕਤਲੇਆਮ ਅਤੇ ਖ਼ਤਰਨਾਕ ਉਜਾੜੇ ਖ਼ਿਲਾਫ਼ ਸ਼ਹੀਦ ਨਛੱਤਰ ਸਿੰਘ ਯਾਦਗਾਰ ਹਾਲ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਅਮਰੀਕਾ ਦੇ ਪੰਜਾਹ ਸੂਬਿਆਂ ਵਿੱਚ ਦੋ ਹਜ਼ਾਰ ਥਾਵਾਂ ਉਪਰ ਲੱਖਾਂ ਲੋਕਾਂ ਨੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਲੋਕ ਮਾਰੂ ਜੰਗਬਾਜ਼ ਨੀਤੀਆਂ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਹੈ, ਉਨ੍ਹਾਂ ਦੇਸ਼ ਵਾਸੀਆਂ ਨੂੰ ਵੀ ਜੰਗ ਵਿਰੁੱਧ ਅਵਾਜ਼ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਇਜ਼ਰਾਈਲ ਦੀ ਜਿਓਨਵਾਦੀ ਸਰਕਾਰ ਨੇ ਫ਼ਲਸਤੀਨ ਨੂੰ ਬੁਰੀ ਤਰ੍ਹਾਂ ਤਬਾਹ ਕਰਨ ਤੋਂ ਬਾਅਦ ਹੁਣ ਇਰਾਨ ’ਤੇ ਭਾਰੀ ਬੰਬਾਰੀ ਕਰ ਕੇ ਪੂਰੇ ਮੱਧ-ਪੂਰਬ ਨੂੰ ਜੰਗ ਦੀ ਭੱਠੀ ਵਿੱਚ ਝੋਕ ਦਿੱਤਾ ਹੈ। ਅਮਰੀਕਾ ਵੱਲੋਂ ਇਰਾਨ ਨੂੰ ਪ੍ਰਮਾਣੂ ਸਮਝੌਤੇ ਲਈ ਮਜਬੂਰ ਕਰਨ ਅਤੇ ਵਪਾਰਕ ਨੀਤੀਆਂ ਲਾਗੂ ਕਰਨ ਲਈ ਕੀਤੀ ਜਾ ਰਹੀ ਇਸ ਗੁੰਡਾਗਰਦੀ ਖ਼ਿਲਾਫ਼ ਲੋਕ ਸੜਕਾਂ ’ਤੇ ਉੱਤਰੇ ਹਨ। ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਸਮੁੰਦਰ ਰਾਹੀ ਗਾਜਾ ਵਿੱਚ ਭੁੱਖਮਰੀ ਦਾ ਸ਼ਿਕਾਰ ਲੋਕਾਂ ਨੂੰ ਰਾਹਤ ਪੁਚਾਉਣ ਜਾ ਰਹੇ 12 ਬੁੱਧੀਜੀਵੀਆਂ ਨੂੰ ਗ੍ਰਿਫ਼ਤਾਰ ਕਰਨਾ, ਅਮਰੀਕਾ ਦੇ ਲਾਸ ਐਂਜਲਸ ਵਿੱਚ ਪ੍ਰਵਾਸੀਆਂ ਉਪਰ ਕੀਤਾ ਜਾ ਰਿਹਾ ਜਬਰ ਅਮਰੀਕਨ ਸਾਮਰਾਜ ਦੇ ਪਤਨ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਰੂਸ ਜੰਗ, ਫ਼ਲਸਤੀਨ ਵਿੱਚ ਦੋ ਸਾਲ ਤੋਂ ਮਚਾਈ ਜਾ ਰਹੀ ਅੰਨ੍ਹੀ ਤਬਾਹੀ, ਸੀਰੀਆ, ਸੁਡਾਨ ਅਤੇ ਹੁਣ ਇਰਾਨ 'ਤੇ ਇਜ਼ਰਾਈਲੀ ਹਮਲਿਆਂ ਦਾ ਮੁੱਖ ਜ਼ਿੰਮੇਵਾਰ ਅਮਰੀਕਨ ਸਾਮਰਾਜ ਹੈ। ਉਨ੍ਹਾਂ ਦੁਨੀਆ ਭਰ ਦੇ ਕਿਰਤੀਆਂ 'ਤੇ ਜੰਗ ਵਿਰੋਧੀ, ਅਮਨ ਪਸੰਦ ਲੋਕਾਂ ਨੂੰ ਇੱਕਜੁੱਟ ਅਵਾਜ਼ ਉਠਾਉਣ ਦਾ ਸੱਦਾ ਦਿੱਤਾ। ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਹਰਜਿੰਦਰ ਕੌਰ, ਸੁਖਵੰਤ ਕੌਰ ਗਾਲਬ, ਦਲਜੀਤ ਕੌਰ ਹਠੂਰ, ਹਰਦੇਵ ਮੁੱਲਾਂਪੁਰ, ਮਜ਼ਦੂਰ ਆਗੂ ਜਸਵਿੰਦਰ ਸਿੰਘ ਭਮਾਲ, ਮਦਨ ਸਿੰਘ, ਜਸਵੰਤ ਕਲੇਰ, ਅਵਤਾਰ ਗਗੜਾ ਅਤੇ ਸੋਨੀ ਸਿਧਵਾਂ ਨੇ ਵੀ ਸੰਬੋਧਨ ਕੀਤਾ।