ਧਰਨਾਕਾਰੀਆਂ ਵੱਲੋਂ ਘਿਰਾਓ ਦੀ ਚਿਤਾਵਨੀ
ਕੁਲਵੰਤ ਕੌਰ ਰਸੂਲਪੁਰ ’ਤੇ ਹੋਏ ਕਥਿਤ ਪੁਲੀਸ ਤਸ਼ੱਦਦ ਅਤੇ ਇਸ ਕਰਕੇ ਕਈ ਸਾਲ ਮੰਜੇ ਨਾਲ ਲੱਗੇ ਰਹਿਣ ਮਗਰੋਂ ਹੋਈ ਮੌਤ ਦੇ ਮਾਮਲੇ ਵਿੱਚ ਥਾਣਾ ਸਿਟੀ ਮੂਹਰੇ ਲਗਾਤਾਰ ਧਰਨਾ ਜਾਰੀ ਹੈ। ਧਰਨਾਕਾਰੀ ਜਥੇਬੰਦੀਆਂ ਦਾ ਇਕ ਵਫ਼ਦ ਅੱਜ ਇਥੇ ਡੀ ਐੱਸ ਪੀ...
ਕੁਲਵੰਤ ਕੌਰ ਰਸੂਲਪੁਰ ’ਤੇ ਹੋਏ ਕਥਿਤ ਪੁਲੀਸ ਤਸ਼ੱਦਦ ਅਤੇ ਇਸ ਕਰਕੇ ਕਈ ਸਾਲ ਮੰਜੇ ਨਾਲ ਲੱਗੇ ਰਹਿਣ ਮਗਰੋਂ ਹੋਈ ਮੌਤ ਦੇ ਮਾਮਲੇ ਵਿੱਚ ਥਾਣਾ ਸਿਟੀ ਮੂਹਰੇ ਲਗਾਤਾਰ ਧਰਨਾ ਜਾਰੀ ਹੈ। ਧਰਨਾਕਾਰੀ ਜਥੇਬੰਦੀਆਂ ਦਾ ਇਕ ਵਫ਼ਦ ਅੱਜ ਇਥੇ ਡੀ ਐੱਸ ਪੀ ਜਸਵਿੰਦਰ ਸਿੰਘ ਢੀਂਡਸਾ ਨੂੰ ਮਿਲਿਆ। ਵਫ਼ਦ ਨੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਅਤੇ ਇਨਸਾਫ਼ ਨਾ ਮਿਲਣ ’ਤੇ ਘਿਰਾਓ ਦੀ ਚਿਤਾਵਨੀ ਦਿੱਤੀ। ਵਫ਼ਦ ਵਿੱਚ ਸ਼ਾਮਲ ਆਗੂਆਂ ਨੇ ਪੁਲੀਸ ਤਸ਼ੱਦਦ ਸਬੰਧੀ ਦਰਜ ਐੱਫ ਆਈ ਆਰ ਦੀ ਤਫਤੀਸ਼ ਮੁਕੰਮਲ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਪੈਨਸ਼ਨ ਤੇ ਨੌਕਰੀ ਦੇਣ ਦੀ ਮੰਗ ਕੀਤੀ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਜਬਰ ਵਿਰੋਧੀ ਤਾਲਮੇਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਮੁੱਲਾਂਪੁਰ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਨਿਰਮਲ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਢੋਲਣ, ਭਰਪੂਰ ਸਿੰਘ ਛੱਜਾਵਾਲ, ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਲੰਮੇ ਸਮੇਂ ਤੋਂ ਜਾਰੀ ਹੈ ਤੇ ਸਰਕਾਰ ਬਦਲਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਵੀ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਡਾ ਰੋਸ ਮਾਰਚ ਕਰਕੇ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ।
ਪੁਲੀਸ ਅਧਿਕਾਰੀ ਨੂੰ ਮਿਲਣ ਲਈ ਪੁੱਜੇ ਵਫ਼ਦ ਵਿੱਚ ਸ਼ਾਮਲ ਨੁਮਾਇੰਦੇ। -ਫੋਟੋ: ਸ਼ੇਤਰਾ

