ਭਾਂਦਲਾ ਸੜਕ ’ਤੇ ਲਾਇਆ ਧਰਨਾ ਐੱਸਡੀਐੱਮ ਦੇ ਭਰੋਸੇ ਮਗਰੋਂ ਸਮਾਪਤ
ਪਿੰਡ ਭਾਂਦਲਾ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਅਣਮਿੱਥੇ ਸਮੇਂ ਲਈ ਦਿੱਤੇ ਜਾ ਰਹੇ ਧਰਨੇ ਵਿਚ ਸ਼ਮੂਲੀਅਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਸਰਕਾਰ ਅਤੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਸੜਕ ਨਾ ਬਣਾਈ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਲੋਕਾਂ ਨੇ ਕਿਹਾ ਕਿ ਖਸਤਾ ਹਾਲਤ ਸੜਕ ਦੀ ਹਾਲਤ ਬਾਰਿਸ਼ਾਂ ਦੇ ਦਿਨਾਂ ਵਿਚ ਬਦ ਤੋਂ ਬਦਤਰ ਹੋ ਜਾਂਦੀ ਹੈ ਜਿਸ ਕਾਰਨ ਰੋਜ਼ਾਨਾ ਅਨੇਕਾਂ ਹਾਦਸੇ ਵਾਪਰਦੇ ਹਨ ਅਤੇ ਇਸ ਰਸਤੇ ਤੋਂ ਲੰਘਣ ਵਾਲੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਧਰਨੇ ਨੂੰ ਖ਼ਤਮ ਕਰਵਾਉਣ ਲਈ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਪੁੱਜੇ ਜਿਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੜਕ ਨਿਰਮਾਣ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਜੋ 29 ਸਤੰਬਰ ਨੂੰ ਖੁੱਲ੍ਹੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸੜਕ ਦਾ ਨਿਰਮਾਣ ਕਾਰਜ ਦਾ ਕੰਮ ਜਲਦ ਸ਼ੁਰੂ ਹੋਵੇਗਾ ਅਤੇ ਸੜਕ ’ਤੇ ਪਏ ਟੋਇਆਂ ਤੋਂ ਰਾਹਤ ਦਿਵਾਉਣ ਲਈ ਅਸਥਾਈ ਪ੍ਰਬੰਧ ਕੀਤੇ ਜਾਣਗੇ ਅਤੇ ਸੜਕ ਨੂੰ ਕੰਕਰੀਟ ਨਾਲ ਬਣਾਇਆ ਜਾਵੇਗਾ। ਲੋਕਾਂ ਨੇ ਐੱਸਡੀਐੱਮ ਢਿੱਲੋਂ ਦੇ ਭਰੋਸੇ ਉਪਰੰਤ ਧਰਨਾ ਸਮਾਪਤ ਕਰਦਿਆਂ ਕਿਹਾ ਕਿ ਜੇਕਰ 29 ਸਤੰਬਰ ਨੂੰ ਟੈਂਡਰ ਨਾ ਲੱਗੇ ਤਾਂ ਲੋਕਾਂ ਦੇ ਸਹਿਯੋਗ ਨਾਲ ਮੁੜ ਸੰਘਰਸ਼ ਅਰੰਭਿਆ ਜਾਵੇਗਾ।