ਸਮਾਜ ਸੇਵੀ ਕਾਲੀ ਦੀ ਰਿਹਾਈ ਲਈ ਮੁਜ਼ਾਹਰਾ
ਐੱਸ ਪੀ ਤੇ ਡੀ ਐੱਸ ਪੀ ਨੇ ਮੌਕੇ ’ਤੇ ਪੁੱਜ ਕੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਤੇ ਸੱਤ ਦਿਨ ਦਾ ਸਮਾਂ ਮੰਗਿਅਾ
ਇਥੋਂ ਦੇ ਅਮਲੋਹ ਰੋਡ ਚੌਕ ’ਚ ਸਮਾਜ ਸੇਵੀ ਗੁਰਦੀਪ ਕਾਲੀ ਦੀ ਬਿਨਾਂ ਸ਼ਰਤ ਰਿਹਾਈ ਲਈ ਕੀਤੇ ਗਏ ਮੁਜ਼ਾਹਰੇ ਵਿੱਚ ਵੱਖ-ਵੱਖ ਜਥੇਬੰਦੀਆਂ, ਸਮਾਜ ਸੇਵੀਆਂ ਤੇ ਸਿਆਸੀ ਧਿਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਰੀਤੂ ਸਿੰਘ, ਜੋਗਿੰਦਰ ਸਿੰਘ ਰਾਏ, ਰਾਜ ਸਿੰਘ ਟੋਡਰਾਲ ਨੇ ਕਿਹਾ ਕਿ ਗੁਰਦੀਪ ਸਿੰਘ ਕਾਲੀ ਖ਼ਿਲਾਫ਼ ਦਿੱਤਾ ਪਰਚਾ ਝੂਠਾ ਤੇ ਬੇਬੁਨਿਆਦ ਹੈ, ਜੋ ਸਿੱਧੇ ਤੌਰ ’ਤੇ ਸਿਆਸੀ ਤੋਂ ਪ੍ਰੇਰਿਤ ਹੈ। ਗੁਰਦੀਪ ਕਾਲੀ ਬਿਨਾਂ ਕਿਸੇ ਭੇਦਭਾਵ ਤੋਂ ਸਮਾਜ ਦੇ ਗਰੀਬ ਦਲਿਤ, ਪੱਛੜਿਆਂ ਦੀ ਲੜਾਈ ਲੜਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਧਰਨੇ ਨੂੰ ਸ਼ਾਂਤ ਕਰਵਾਉਣ ਲਈ ਐੱਸ ਪੀ ਪਵਨਦੀਪ ਚੌਧਰੀ, ਡੀ ਐੱਸ ਪੀ ਵਿਨੋਦ ਕੁਮਾਰ ਹੋਰ ਪੁਲੀਸ ਅਧਿਕਾਰੀਆਂ ਨਾਲ ਪਹੁੰਚੇ, ਜਿਨ੍ਹਾਂ ਇਸ ਮਸਲੇ ਦੀ ਨਿਰਪੱਖ ਜਾਂਚ ਕਰਨ ਦਾ ਭਰੋਸਾ ਦਿਵਾਉਂਦਿਆਂ ਸੱਤ ਦਿਨਾਂ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਜੇ ਇ ਪਰਚਾ ਝੂਠਾ ਹੋਇਆ ਤਾਂ ਪਰਚਾ ਕਰਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਰੀਤੂ ਸਿੰਘ ਨੇ ਕਿਹਾ ਕਿ ਗੁਰਦੀਪ ਸਿੰਘ ਖਾਸ ਤੌਰ ’ਤੇ ਦਲਿਤਾਂ ਤੇ ਗਰੀਬਾਂ ਦੀ ਲੜਾਈ ਲੰਬੇ ਸਮੇਂ ਤੋਂ ਲੜਦਾ ਆ ਰਿਹਾ ਹੈ। ਹਾਲ ਹੀ ਵਿੱਚ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਪਿੰਡ ਮਾਣਕੀ ਵਿੱਚ ਹੋਏ ਦਲਿਤਾਂ ਨਾਲ ਜ਼ੁਲਮ ਕਰਕੇ ਗੁਰਦੀਪ ਸਿੰਘ ਕਾਲੀ ਮਜ਼ਬੂਤੀ ਨਾਲ ਪੀੜਤਾਂ ਦੇ ਪੱਖ ਵਿੱਚ ਲੜਾਈ ਲੜ ਰਿਹਾ ਸੀ ਜਿਸ ਕਰਕੇ ਪ੍ਰਸ਼ਾਸਨ ਨੇ ਮਾਣਕੀ ਪਿੰਡ ਦੇ ਪਰਚੇ ਨੂੰ ਕਮਜ਼ੋਰ ਕਰਨ ਲਈ ਗੁਰਦੀਪ ਸਿੰਘ ਕਾਲੀ ਨੂੰ ਨਿਸ਼ਾਨਾ ਬਣਾਇਆ ਹੈ। ਉਪਰੋਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸੱਤ ਦਿਨਾਂ ਤੱਥ ਇਨਸਾਫ਼ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗੀ। ਇਸ ਮੌਕੇ ਬਲਵੀਰ ਸਿੰਘ ਪੋਹੀੜ, ਅਮਨ ਗੁੜੇ, ਲਖਵੀਰ ਸਿੰਘ ਰੁਪਾਲਹੇੜੀ, ਬਹਾਲ ਸਿੰਘ ਪੋਲਾ, ਅਸ਼ੋਕ ਕੁਮਾਰ, ਅਨਿਲ ਕੁਮਾਰ ਖੰਨਾ, ਸੰਜੂ ਜੱਸਲ, ਹਰਪ੍ਰੀਤ ਸਿੰਘ ਮਹਿਮੀ, ਮੇਘਰਾਜ, ਜਤਿੰਦਰ ਸਿੰਘ ਬੱਬੂ, ਤਾਰੀ ਇਕੋਲਾਹਾ, ਦਲਵੀਰ ਸਿੰਘ ਮੰਡਿਆਲਾ ਆਦਿ ਹਾਜ਼ਰ ਸਨ।

