ਜ਼ਮੀਨਾਂ ਦੇ ਮੁਆਵਜ਼ੇ ਦੀ ਅਦਾਇਗੀ ਬਿਨਾਂ ਗਰੀਨ ਫ਼ੀਲਡ ਸ਼ਾਹਰਾਹ ਦੇ ਨਿਰਮਾਣ ਵਿਰੁੱਧ ਮੋਰਚਾ ਜਾਰੀ
ਡੀ ਐੱਸ ਪੀ ਵੱਲੋਂ ਮਸਲੇ ਦੇ ਜਲਦ ਹੱਲ ਦਾ ਭਰੋਸਾ
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਲੋਵਾਲ ਤੋਂ ਬਠਿੰਡਾ ਤੱਕ ਬਣਨ ਵਾਲੇ ਗਰੀਨ ਫ਼ੀਲਡ ਸ਼ਾਹਰਾਹ ਦੇ ਘੇਰੇ ਵਿੱਚ ਆਉਣ ਵਾਲੇ ਰਾਏਕੋਟ ਅਤੇ ਲੁਧਿਆਣਾ ਪੱਛਮੀ ਤਹਿਸੀਲ ਦੇ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਦਿੱਤੇ ਬਗੈਰ ਕਬਜ਼ੇ ਕਰਨ ਅਤੇ ਕੁਝ ਕਿਸਾਨਾਂ ਦੀ ਝੋਨੇ ਦੀ ਖੜ੍ਹੀ ਫ਼ਸਲ ਬਰਬਾਦ ਕਰ ਦੇਣ ਵਿਰੁੱਧ ਪਿਛਲੇ ਦੋ ਹਫ਼ਤੇ ਤੋਂ ਭਾਕਿਯੂ (ਡਕੌਂਦਾ-ਬੁਰਜ ਗਿੱਲ) ਵੱਲੋਂ ਪਿੰਡ ਰਾਮਗੜ੍ਹ ਸਿਵੀਆ ਨੇੜੇ ਚੱਲ ਰਿਹਾ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਅੱਜ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਨੂੰ ਕਿੱਕਰ ਸਿੰਘ ਉਪ ਪੁਲੀਸ ਕਪਤਾਨ ਜਗਰਾਉਂ ਵੱਲੋਂ ਅਗਲੇ ਦੋ ਦਿਨਾਂ ਵਿੱਚ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਕਿਸਾਨ ਆਗੂਆਂ ਨੂੰ ਬਿਨਾ ਮੁਆਵਜ਼ਾ ਦਿੱਤੇ ਜ਼ਮੀਨਾਂ ਉਪਰ ਕਬਜ਼ੇ ਨਾ ਕਰਨ ਦੇ ਭਰੋਸੇ ਨੂੰ ਹੀ ਨਹੀਂ ਤੋੜਿਆ ਸਗੋਂ ਕਿਸਾਨਾਂ ਦੀਆਂ ਪੱਕਣ ਕਿਨਾਰੇ ਖੜ੍ਹੀਆਂ ਫ਼ਸਲਾਂ ਨੂੰ ਵੀ ਬਰਬਾਦ ਕਰ ਦਿੱਤਾ ਹੈ।
ਕਿਸਾਨ ਆਗੂ ਹਰਬਖ਼ਸ਼ੀਸ਼ ਸਿੰਘ ਚੱਕ ਭਾਈਕਾ ਅਤੇ ਮਹਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸ਼ਾਹਰਾਹ ਦੇ ਘੇਰੇ ਵਿੱਚ ਆਉਣ ਵਾਲੀਆਂ ਕਿਸਾਨ ਪਰਿਵਾਰਾਂ ਦੀਆਂ ਜ਼ਮੀਨਾਂ ਦੇ ਬਟਵਾਰੇ ਦੇ ਮਾਮਲੇ ਲੰਬੇ ਸਮੇਂ ਤੋਂ ਲੰਬਿਤ ਪਏ ਹਨ, ਜਿਸ ਕਾਰਨ ਲੋਕ ਮਾਲ ਵਿਭਾਗ ਦੇ ਅਧਿਕਾਰੀਆਂ ਕੋਲ ਚੱਕਰ ਕੱਟਦਿਆਂ ਅਰਸੇ ਤੋਂ ਖ਼ੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦਾ ਮੁਆਵਜ਼ਾ ਅਤੇ ਬਰਬਾਦ ਕੀਤੀਆਂ ਫ਼ਸਲਾਂ ਦੀ ਭਰਪਾਈ ਕੀਤੇ ਬਿਨਾ ਇਸ ਸ਼ਾਹਰਾਹ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲੋੜ ਪੈਣ 'ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੁੱਚੀਆਂ ਜਥੇਬੰਦੀਆਂ ਇਸ ਸੰਘਰਸ਼ ਵਿੱਚ ਸ਼ਮੂਲੀਅਤ ਲਈ ਮਜਬੂਰ ਹੋਣਗੀਆਂ। ਕਿਸੇ ਸੰਭਾਵੀ ਟਕਰਾਅ ਨੂੰ ਦੇਖਦਿਆਂ ਥਾਣਾ ਸਦਰ ਰਾਏਕੋਟ ਦੇ ਮੁਖੀ ਕੁਲਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਮੌਜੂਦ ਰਹੇ।