ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਵੱਲੋਂ ਪ੍ਰਦਰਸ਼ਨ
ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਖਜ਼ਾਨਾ ਦਫਤਰ ਦੇ ਕਰਮਚਾਰੀਆਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕਰਦਿਆਂ ਤਰੱਕੀ ਦੇ ਹੁਕਮਾਂ ਦੀਆਂ ਕਾਪੀਆਂ ਫੂਕੀਆਂ ਗਈਆਂ।
ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਖਜ਼ਾਨਾ ਵਿਭਾਗ ਦੇ ਕਰਮਚਾਰੀਆਂ ਨੂੰ ਜੂਨੀਅਰ ਸਹਾਇਕ ਲੈਵਲ-7 ਤੋਂ ਸਹਾਇਕ ਖ਼ਜ਼ਾਨਚੀ ਲੈਵਲ-6 ਅਧੀਨ ਤਰੱਕੀ ਦਿੱਤੀ ਗਈ ਹੈ ਪਰ ਇਸ ਨੂੰ ਤਰੱਕੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਮੁਲਾਜ਼ਮਾਂ ਨੂੰ ਲੈਵਲ-7 ਤੋਂ ਬਾਅਦ ਲੈਵਲ-6 ਵਿੱਚ ਲੈ ਕੇ ਆਉਣਾ ਸਰਾਸਰ ਧੱਕਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਪਰੋਕਤ ਤਰੱਕੀ ਕੋਝਾ ਮਜ਼ਾਕ ਹੈ ਕਿਉਂਕਿ ਜੂਨੀਅਰ ਸਹਾਇਕਾਂ ਨੂੰ ਸਹਾਇਕ ਖ਼ਜ਼ਾਨਚੀ ਦੀ ਥਾਂ, ਜ਼ਿਲ੍ਹਾ ਖ਼ਜ਼ਾਨਚੀ ਅਤੇ ਸੀਨੀਅਰ ਸਹਾਇਕ ਵਜੋਂ ਤਰੱਕੀ ਦੇਣੀ ਬਣਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਯੋਗ ਤਰੱਕੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਦੌਰਾਨ ਖਜ਼ਾਨਾ ਵਿਭਾਗ ਸਟੇਟ ਬਾਡੀ ਦੇ ਫ਼ੈਸਲੇ ਅਨੁਸਾਰ ਤਿੱਖਾ ਸੰਘਰਸ਼ ਕਰੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਸਿਰ ਹੋਵੇਗੀ।
ਇਸ ਦੌਰਾਨ ਪੰਜਾਬ ਸਟੇਟ ਮਨਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਨੇ ਵੀ ਖਜ਼ਾਨਾ ਦਫ਼ਤਰ ਦੇ ਕਰਮਚਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਡੱਟਕੇ ਖੜ੍ਹਣ ਦਾ ਫ਼ੈਸਲਾ ਕਰਦਿਆਂ ਅਮਿਤ ਅਰੋੜਾ ਸੂਬਾ ਐਡੀਸ਼ਨਲ ਜਨਰਲ ਸਕੱਤਰ ਅਤੇ ਸੰਦੀਪ ਭੁਬੰਕ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਪੰਧੇਰ ਦੀ ਅਗਵਾਈ ਵਿੱਚ ਸਮੁੱਚੀ ਟੀਮ ਨੇ ਰੋਸ ਮੁਜ਼ਾਹਰੇ ਵਿੱਚ ਸਾਮਲ ਹੋ ਕੇ ਵਿਸ਼ਵਾਸ਼ ਦੁਆਇਆ ਕਿ ਉਹ ਹਰ ਸੰਘਰਸ਼ ਵਿੱਚ ਖਜ਼ਾਨਾ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਣਗੇ। ਇਸ ਰੋਸ ਮੁਜ਼ਾਹਰੇ ਮੌਕੇ ਦਵਿੰਦਰ ਸਿੰਘ, ਜਗਦੇਵ ਸਿੰਘ, ਸਤਪਾਲ, ਗੁਰਪ੍ਰੀਤ ਸਿੰਘ ਖੱਟੜਾ, ਅਮਰਜੀਤ ਸਿੰਘ, ਬਲਜਿੰਦਰ ਸਿੰਘ, ਹਰਮਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਸਾਥੀ ਸ਼ਾਮਲ ਹੋਏ।