ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੁਜ਼ਾਹਰਾ
ਗੁਰਿੰਦਰ ਸਿੰਘ
ਲੁਧਿਆਣਾ, 4 ਜੂਨ
ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਅੱਜ ਇਥੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਤਾਨਾਸ਼ਾਹੀ ਵਤੀਰੇ ਅਤੇ ਹੋਰ ਮੰਗਾਂ ਦੇ ਰੋਸ ਵਜੋਂ ਮੁਜ਼ਾਹਰਾ ਕੀਤਾ ਜਿਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਤਾਨਾਸ਼ਾਹੀ ਨੂੰ ਰੋਕਿਆ ਜਾਵੇ, ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਦੁਗਨਾ ਕਰਕੇ ਸਮੇਂ ਸਿਰ ਦਿੱਤਾ ਜਾਵੇ ਅਤੇ ਲਾਭਪਾਤਰੀਆਂ ਨੂੰ ਕੇਵਾਈਸੀ ਤੇ ਐੱਫਆਰਐੱਸ ਦੀਆਂ ਸ਼ਰਤਾਂ ਤੋਂ ਛੋਟ ਦਿੱਤੀ ਜਾਵੇ।
ਇਸ ਮੌਕੇ ਆਂਗਣਵਾੜੀ ਮੁਲਾਜ਼ਮ ਫੈੱਡਰੇਸ਼ਨ ਦੀ ਪ੍ਰਧਾਨ ਊਸ਼ਾ ਰਾਣੀ ਨੇ ਸਰਕਾਰ ਵੱਲੋਂ ਪੋਸ਼ਣ ਦੇ ਨਾਮ ’ਤੇ ਦਿੱਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੀਸ਼ਨ ਵੰਡ ਲਈ ਬੇਲੋੜੀਆਂ ਸ਼ਰਤਾਂ ਲਗਾਉਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੋਸ਼ਣ ਲਈ ਬਜਟ ਵਧਾਉਣ ਦੀ ਥਾਂ ਪੋਸ਼ਣ ਟਰੈਕ ਦੇ ਨਾਮ ’ਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਗਾਈਆਂ ਜਾ ਰਹੀਆਂ ਹਨ ਜਿਸ ਨਾਲ ਕੰਮ ਵਿੱਚ ਰੁਕਾਵਟਾਂ ਖੜ੍ਹੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਾਭਪਾਤਰੀਆਂ ਦੇ ਫੇਸ ਰੈਕੋਗਨਾਈਜੇਸ਼ਨ ਸਿਸਟਮ ਦੇ ਨਾਮ ਤੇ ਗਰੀਬਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਮਿਲਣ ਵਾਲੀ ਸਹੂਲਤ ਦੇ ਲਾਭ ਤੋਂ ਵਾਂਝੇ ਹੋ ਸਕਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਾਤਰਤ ਬੰਧਨਾ ਯੋਜਨਾ ਦਾ ਲਾਭ ਵੀ ਖ਼ਤਮ ਕਰਨ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ।
ਜਥੇਬੰਦੀ ਦੀ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ ਤੇ ਦਿੱਤਾ ਜਾਣ ਵਾਲੇ ਸਪਲੀਮੈਂਟਰੀ ਨਿਊਟਰੀਸ਼ਨ ਜਿਸ ਵਿੱਚ ਖਿਚੜੀ, ਨਮਕੀਨ ਦਲੀਆ, ਮਿੱਠਾ ਦਲੀਆ ਆਦਿ ਸ਼ਾਮਿਲ ਹਨ ਮਹੀਨੇ ਦਾ 600 ਗ੍ਰਾਮ ਪ੍ਰਤੀ ਆਈਟਮ ਲਾਭਪਾਤਰੀਆਂ ਨੂੰ ਦੇਣਾ ਹੁੰਦਾ ਹੈ ਜਿਸ ਵਿੱਚ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਜੀਰੋ ਤੋਂ ਛੇ ਸਾਲ ਤੱਕ ਦੇ ਬੱਚੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹਨਾਂ ਉੱਪਰ ਲਾਗੂ ਕੀਤੀ ਕੇਵਾਈਸੀ ਦੀ ਸ਼ਰਤ ਬੇਲੋੜੀ ਹੈ ਕਿਉਂਕਿ 80 ਫ਼ੀਸਦ ਲਾਭਪਾਤਰੀਆਂ ਕੋਲ ਮੋਬਾਈਲ ਨਹੀਂ ਹਨ ਤੇ ਜਿਨ੍ਹਾਂ ਕੋਲ ਹਨ ਤਾਂ ਉਨ੍ਹਾਂ ਕੋਲ ਆਧਾਰ ਲਿੰਕ ਨਹੀਂ ਹੈ। ਵਿਤ ਸਕੱਤਰ ਅੰਮ੍ਰਿਤ ਪਾਲ ਕੌਰ ਅਤੇ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਦੁਗਨਾ ਕਰਨ ਦਾ ਐਲਾਨ ਕੀਤਾ ਸੀ ਪਰ ਸਰਕਾਰ ਵੱਲੋਂ ਦੁਗਨਾ ਭੱਤਾ ਦੇਣ ਦੀ ਥਾਂ ਉਨ੍ਹਾਂ ਨੂੰ ਸਮੇਂ ਸਿਰ ਪੁਰਾਣਾ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।