ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਗਲਾਡਾ ਦਫ਼ਤਰ ਅੱਗੇ ਧਰਨਾ ਸ਼ੁਰੂ
ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਅੱਜ ਫਿਰੋਜ਼ਪੁਰ ਰੋਡ ਸਥਿਤ ਗਲਾਡਾ ਦਫ਼ਤਰ ਅੱਗੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਅਣਮਿੱਥੇ ਸਮੇਂ ਲਈ ਧਰਨਾ ਆਰੰਭਿਆ ਗਿਆ ਹੈ। ਧਰਨੇ ਦੀ ਸ਼ੁਰੂਆਤ ਮੌਕੇ ਪ੍ਰਭਾਵਿਤ ਕਿਸਾਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਉਪਜਾਊ ਜ਼ਮੀਨ ਐਕੁਆਇਰ ਕਰਨ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਜਸਵੰਤ ਸਿੰਘ ਭੱਟੀਆਂ ਢਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਗਤਾਰ ਸਿੰਘ ਦੇਹੜਕਾ ਅਤੇ ਹਰਮਿੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੁਧਿਆਣਾ ਵਿੱਚ ਨਵੀਆਂ ਕਲੋਨੀਆਂ ਵਸਾਉਣ ਦੇ ਨਾਮ ਤੇ ਕਿਸਾਨਾਂ ਨੂੰ ਉਜਾੜਨ ਲਈ 32 ਪਿੰਡਾਂ ਦੀ 24 ਹਜ਼ਾਰ 311 ਏਕੜ ਐਕੁਆਇਰ ਕਰਨ ਲਈ ਨਾਦਰਸ਼ਾਹੀ ਹੁਕਮ ਲਾਗੂ ਕਰ ਰਹੀ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਧਰਨੇ ਰਾਹੀਂ ਉਹ ਸਰਕਾਰ ਨੂੰ ਸ਼ਾਂਤਮਈ ਢੰਗ ਰਾਹੀਂ ਹੀ ਝੁਕਾ ਕੇ ਦਮ ਲੈਣਗੇ ਜਿਵੇਂ ਤਿੰਨ ਕਾਲੇ ਕਿਸਾਨ ਵਿਰੋਧੀ ਕਾਨੂੰਨ ਦਿੱਲੀ ਵਿੱਚ ਸ਼ਾਂਤਮਈ ਬੈਠ ਕੇ ਰੱਦ ਕਰਾਏ ਗਏ ਸਨ। ਇਸ ਢੰਗ ਨਾਲ ਹੀ ਕਿਸਾਨ ਆਪਣੀਆਂ ਜ਼ਮੀਨਾਂ ਬਚਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨ ਹੀ ਸਾਡੀ ਨਾ ਰਹੀ ਤਾਂ ਸਾਡੀ ਮੌਤ ਵੀ ਬਹੁਤ ਭੈੜੀ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਆਪਣਾ ਏਕਾ ਹੋਰ ਤਕੜਾ ਕਰਕੇ ਸ਼ੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਧਰਨੇ ਦੌਰਾਨ ਰਛਪਾਲ ਸਿੰਘ ਭਨੌਹੜ, ਗੁਰਮਿੰਦਰ ਸਿੰਘ ਸੀਲੋਆਣੀ, ਜਗਰੂਪ ਸਿੰਘ ਹਸਨਪੁਰ, ਸੁਖਪਾਲ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਲਲਤੋ ਕਲਾਂ, ਦਲਬੀਰ ਸਿੰਘ ਜੋਧਾਂ, ਬੂਟਾ ਸਿੰਘ ਮਲਕ, ਸਤਨਾਮ ਸਿੰਘ ਮੋਰਕਰੀਮਾਂ, ਸੋਨੀ ਬ੍ਰਹਮਪੁਰ, ਸੁਖ ਜਗਰਾਉਂ , ਗੁਰਪ੍ਰੀਤ ਸਿੰਘ ਲਲਤੋਂ, ਅਜੀਤ ਸਿੰਘ ਦਾਖਾ, ਤੀਰਥ ਸਿੰਘ ਤਲਵੰਡੀ ਅਤੇ ਹਰਦੀਪ ਸਿੰਘ ਸਰਾਭਾ ਨੇ ਸੰਬੋਧਨ ਕੀਤਾ।